ਚੰਡੀਗੜ੍ਹ, 30 ਜਨਵਰੀ : ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਨੂੰ ਸੰਕਟ ਵਿੱਚੋਂ ਕੱਢਣ ਲਈ 85 ਕਰੋੜ ਰੁਪਏ ਦੀ ਹੋਰ ਵਿੱਤੀ ਸਹਾਇਤਾ ਜਾਰੀ ਕਰਦਿਆਂ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਇਸ ਬੈਂਕ ਨੂੰ ਸੰਕਟ ਵਿੱਚੋਂ ਕੱਢਣ ਲਈ ਹੁਣ ਤੱਕ 798 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾ ਚੁਕੀ ਹੈ। ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਇਹ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਵੱਲੋਂ ਕਿਸਾਨਾਂ ਦੀ ਇਸ ਬੈਂਕ ਪ੍ਰਤੀ ਵਰਤੀ ਗਈ ਅਣਗਹਿਲੀ ਕਾਰਨ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬੁਰੀ ਤਰ੍ਹਾਂ ਵਿੱਤੀ ਸੰਕਟ ਦੀ ਦਲਦਲ ਵਿੱਚ ਫਸੀ ਹੋਈ ਸੀ। ਉਨ੍ਹਾਂ ਕਿਹਾ ਕਿ 85 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਇਸ ਸਹਿਕਾਰੀ ਬੈਂਕ ਵੱਲੋਂ ਨਾਬਾਰਡ ਨੂੰ ਸਾਉਣੀ ਦੀ ਕਿਸ਼ਤ ਅਦਾ ਕਰਨ ਲਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਹਿਕਾਰੀ ਬੈਂਕ ਵੱਲੋਂ ਨਾਬਾਰਡ ਨੂੰ 31 ਜਨਵਰੀ 2023 ਤੱਕ ਬਣਦੀ 120.91 ਕਰੋੜ ਰੁਪਏ ਦੀ ਬਣਦੀ ਕਿਸ਼ਤ ਸਮੇਂ ਸਿਰ ਨਾ ਮੋੜੇ ਜਾਣ ਕਾਰਨ ਬੈਂਕ ਨਾਬਾਰਡ ਦਾ ਡਿਫਾਲਟਰ ਹੋ ਜਾਣਾ ਸੀ ਅਤੇ ਇਸ ਸੂਰਤ ਵਿੱਚ ਬੈਂਕ ਨੂੰ ਭਵਿੱਕ ਵਿੱਚ ਨਾਬਾਰਡ ਤੋਂ ਰੀਫਾਈਨਾਂਸ ਮਿਲਣਾ ਬੰਦ ਹੋ ਜਾਣਾ ਸੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਇਸ ਸਹਿਕਾਰੀ ਬੈਂਕ ਦੀ ਕੀਤੀ ਗਈ ਸਹਾਇਤਾ ਬਾਰੇ ਵੇਰਵਾ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਨਾਬਾਰਡ ਦੇ ਕਰਜੇ ਦੀ ਅਦਾਇਗੀ ਲਈ ਬੀਤੇ ਸਾਲ 26 ਮਈ ਨੂੰ 425 ਕਰੋੜ ਰੁਪਏ ਦੀ, 31 ਜੁਲਾਈ ਨੂੰ ਕਰਜੇਂ ਦੀ ਕਿਸ਼ਤ ਲਈ 100 ਕਰੋੜ ਰੁਪਏ ਦੀ ਅਤੇ ਪੈਨਸ਼ਨਾਂ ਅਤੇ ਪੈਨਸ਼ਨ ਬਕਾਇਆਂ ਦੀ ਅਦਾਇਗੀ ਲਈ 28 ਅਪ੍ਰੈਲ ਨੂੰ 62.67 ਕਰੋੜ ਰੁਪਏ ਤੇ 21 ਸਤੰਬਰ ਨੂੰ 125.33 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੂੰ ਇਸ ਸੰਕਟ ਦਾ ਸਾਹਮਣਾ ਸਿਰਫ ਇਸੇ ਕਾਰਨ ਕਰਨਾ ਪੈ ਰਿਹਾ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਬੈਂਕ ਦੁਆਰਾ ਮੁਹੱਈਆ ਕਰਵਾਏ ਗਏ ਕਰਜਿਆਂ ਨੂੰ ਵਾਪਸ ਕਰਵਾਉਣ ਲਈ ਲੋੜੀਂਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਅਤੇ ਖੇਤਬਾੜੀ ਦੀ ਭਲਾਈ ਹਿੱਤ ਇਸ ਬੈਂਕ ਨੂੰ ਮੁੜ ਪੈਰਾਂ ਭਾਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਬੈਂਕ ਵੱਲੋਂ ਖੇਤਬਾੜੀ ਦੇ ਵਿਕਾਸ ਲਈ ਕਿਸਾਨਾਂ ਨੂੰ ਆਸਾਨ ਕਿਸ਼ਤਾਂ ਤੇ ਕਰਜਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਇਸ ਬੈਂਕ ਦੇ ਕਰਜਾਧਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣਾ ਕਰਜਾ ਵਾਪਿਸ ਕਰਨ ਲਈ ਉਪਰਾਲਾ ਕਰਨ ਕਿਉਂਕਿ ਇਸ ਬੈਂਕ ਦੀ ਹੋਂਦ ਉਨ੍ਹਾਂ ਵਰਗੇ ਵਿਅਕਤੀਆਂ ਨੂੰ ਆਸਨ ਕਰਜੇ ਮੁਹੱਈਆ ਕਰਵਾਉਣ ਲਈ ਅਤੀ ਜਰੂਰੀ ਹੈ।