ਮਾਨਸਾ 19 ਮਾਰਚ : ਮਾਨਸਾ ਦੇ ਬੋਹਾ ਕਸਬੇ 'ਚ ਇਕ ਪਿਤਾ ਨੇ ਆਪਣੀ ਧੀ ਅਤੇ ਉਸ ਦੇ ਪ੍ਰੇਮੀ ਦਾ ਬੇਰਹਿਮੀ ਨਾਲ ਕਤਲ ਕਰ ਕੇ ਲਾਸ਼ਾਂ ਨੂੰ ਭਾਖੜਾ ਨਹਿਰ 'ਚ ਸੁੱਟ ਦਿੱਤਾ। ਲੜਕੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦਕਿ ਵਿਅਕਤੀ ਦੀ ਲਾਸ਼ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਤੇ ਚਾਰ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਲਦ ਗ੍ਰਿਫਤਾਰ ਕਰਨ ਦੀ ਗੱਲ ਆਖੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਕੌਰ (19) ਅਤੇ ਗੁਰਪ੍ਰੀਤ ਸਿੰਘ (45) ਦੋਵੇਂ ਵਾਸੀ ਬੋਹਾ ਮਾਨਸਾ ਵਜੋਂ ਹੋਈ ਹੈ। ਬੋਹਾ ਪੁਲਿਸ ਮੁਤਾਬਿਕ ਦੋਵੇਂ ਕਾਫੀ ਸਮੇਂ ਤੋਂ ਇੱਕ ਦੂਜੇ ਨਾਲ ਰਿਲੇਸ਼ਨਸ਼ਿਪ ਵਿੱਚ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਮੁਲਾਕਾਤ ਪਸੰਦ ਨਹੀਂ ਸੀ। ਦਰਅਸਲ, ਲੜਕੀ ਬਹੁਤ ਛੋਟੀ ਸੀ ਅਤੇ ਵਿਅਕਤੀ ਵਿਆਹਿਆ ਹੋਇਆ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ। ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਰਿਸ਼ਤੇ ਬਾਰੇ ਪਤਾ ਲੱਗਾ ਤਾਂ ਕਾਫੀ ਵਿਵਾਦ ਹੋ ਗਿਆ। ਲੜਕੀ ਦੇ ਪਰਿਵਾਰ ਨੇ ਪ੍ਰੇਮੀ ਜੋੜੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪਰ ਦੋਵੇਂ ਘਰੋਂ ਭੱਜ ਕੇ ਤਲਵੰਡੀ ਰਹਿਣ ਲੱਗ ਪਏ। ਗੁਰਪ੍ਰੀਤ ਕੌਰ ਦੇ ਪਿਤਾ ਸੁਖਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਅਨਮੋਲ ਜੋਤ ਸਿੰਘ ਨੇ ਦੋਵਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਮਿਲਣ ਲਈ ਬੁਲਾ ਲਿਆ। ਪਰਿਵਾਰ ਦੀ ਗੱਲ ਵਿੱਚ ਆਕੇ ਦੋਵੇਂ ਪ੍ਰੇਮੀ ਜੋੜੇ ਮਿਲਣ ਲਈ ਪਿੰਡ ਪਹੁੰਚ ਗਏ। ਜਦੋਂ ਉਹ ਦੋਵੇਂ ਆਪਣੇ ਪਰਿਵਾਰਕ ਮੈਂਬਰਾਂ ਵੱਲੋਂ ਦੱਸੀ ਥਾਂ ’ਤੇ ਪੁੱਜੇ ਤਾਂ ਗੁਰਪ੍ਰੀਤ ਕੌਰ ਦੇ ਪਿਤਾ ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ, ਗੁਰਬਿੰਦਰ ਸਿੰਘ, ਸਹਿਜਪ੍ਰੀਤ ਸਿੰਘ ਅਤੇ ਇੱਕ ਹੋਰ ਵਿਅਕਤੀ ਪਹਿਲਾਂ ਹੀ ਮੌਜੂਦ ਸਨ। ਇਨ੍ਹਾਂ ਲੋਕਾਂ ਨੇ ਆਉਂਦੇ ਹੀ ਜੋੜੇ ਨੂੰ ਫੜ ਲਿਆ, ਅਤੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਅਤੇ ਦੋਵਾਂ ਲਾਸ਼ਾਂ ਨੂੰ ਕਾਰ 'ਚ ਪਾ ਕੇ ਭਾਖੜਾ ਨਹਿਰ 'ਚ ਸੁੱਟ ਦਿੱਤਾ। ਥਾਣਾ ਬੋਹਾ ਦੇ ਇੰਚਾਰਜ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦਕਿ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।