ਲੁਧਿਆਣਾ : ਉੱਘੇ ਪੰਜਾਬੀ ਵਾਰਤਕਕਾਰ ਤੇ ਸੇਵਾ ਮੁਕਤ ਆਈ ਪੀ ਐੱਸ ਅਧਿਕਾਰੀ ਗੁਰਪ੍ਰੀਤ ਸਿੰਘ ਤੂਰ ਨੇ ਅੱਜ ਧੀਆਂ ਦੇ ਅੰਤਰਰਾਸ਼ਟਰੀ ਦਿਹਾੜੇ ਤੇ ਸ਼ਬਦ ਸ਼ਗਨ ਲਹਿਰ ਦਾ ਆਰੰਭ ਆਪਣੀ ਪੁਸਤਕ ਦਫ਼ਤਰ ਦੀਆਂ ਪੰਜਾਹ ਕਾਪੀਆਂ ਵੰਡ ਕੇ ਅਰਬਨ ਐਸਟੇਟ ਲੁਧਿਆਣਾ ਸਥਿਤ ਗੁਰਦਵਾਰਾ ਸੁਖਮਨੀ ਸਾਹਿਬ ਵਿਖੇ ਨਿੱਕੀ ਬੱਚੀ ਅਸੀਸ ਕੌਰ ਗਿੱਲ ਦੇ ਚੌਥੇ ਜਨਮ ਦਿਨ ਮੌਕੇ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਉਪਰੰਤ ਕੀਤਾ। ਇਸ ਮੌਕੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਤੇ ਉੱਘੇ ਕਵੀ ਪ੍ਰੋ ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਕਿਤਾਬਾਂ ਵੀ ਸ਼ਗਨ ਰੂਪ ਵਿੱਚ ਦੇਣਾ ਸ਼ਬਦ ਪਸਾਰ ਲਹਿਰ ਵਜੋਂ ਚੰਗੀ ਪਿਰਤ ਦਾ ਆਗਾਜ਼ ਹੈ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਦੇ ਸੰਯੁਕਤ ਨਿਰਦੇਸ਼ਕ ਡਾ ਨਿਰਮਲ ਜੌੜਾ ਨੇ ਕਿਹਾ ਕਿ ਦਫ਼ਤਰ ਕਿਤਾਬ ਲਾਲ ਫੀਤਾਸ਼ਾਹੀ ਨੂੰ ਬੇਪਰਦ ਕਰਦੀ ਹੈ ਅਤੇ ਇਸ ਪੁਸਤਕ ਨੂੰ ਪੰਜਾਬ ਖੇਤੀ ਯੂਨੀਵਰਸਿਟੀ ਕਿਸਾਨ ਮੇਲੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੈਂਡੂ ਵਿਕਾਸ ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਪਸ਼ੂ ਪਾਲਣ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਤੇ ਲੁਧਿਆਣਾ ਦੇ ਸਮੂਹ ਵਿਧਾਇਕਾਂ ਨੇ ਲੋਕ ਅਰਪਨ ਕੀਤਾ ਸੀ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਗੁਰਪ੍ਰੀਤ ਸਿੰਘ ਤੂਰ ਅਤੇ ਉਨ੍ਹਾਂ ਦੀ ਜੀਵਨ ਸਾਥਣ ਰੁਪਿੰਦਰ ਕੌਰ ਤੂਰ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਉਨ੍ਹਾਂ ਦੀ ਪੋਤਰੀ ਅਸੀਸ ਦੇ ਜਨਮ ਦਿਨ ਮੈਕੇ ਪੁਸਤਕ ਸ਼ਗਨ ਲਹਿਰ ਦਾ ਆਰੰਭ ਕੀਤਾ ਹੈ। ਉਨ੍ਹਾਂ ਆਖਿਆ ਕਿ ਸਬੱਬ ਨਾਲ ਅੱਜ ਧੀਆਂ ਦਾ ਅੰਤਰ ਰਾਸ਼ਟਰੀ ਦਿਹਾੜਾ ਵੀ ਹੈ। ਪੰਜਾਬੀ ਕਵੀ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਕਿਤਾਬਾਂ ਤੇ ਕੁੜੀਆਂ ਤੋਂ ਸੱਖਣੇ ਜੋ ਘਰ ਨੇ। ਉਹ ਘਰ ਕਾਹਦੇ ਘਰ ਨੇ ਉਹ ਦਰ ਕਾਹਦੇ ਦਰ ਨੇ। ਇਸ ਸ਼ਿਅਰ ਦੀ ਪੂਰਤੀ ਵੱਡੇ ਵੀਰ ਤੂਰ ਸਾਹਿਬ ਨੇ ਕੀਤੀ ਹੈ। ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ ਗੁਰਇਕਬਾਲ ਸਿੰਘ, ਰਣਜੋਧ ਸਿੰਘ, ਰੀਤਿੰਦਰ ਸਿੰਘ ਭਿੰਡਰ, ਅਮਰਿੰਦਰ ਸਿੰਘ ਮੱਲ੍ਹੀ ਪੀ ਸੀ ਐੱਸ, ਨਵਰਾਜ ਸਿੰਘ ਬਰਾੜ ਪੀ ਸੀ ਐੱਸ, ਅਮਰਿੰਦਰ ਸਿੰਘ ਸੰਧੂ, ਗੁਰਜੀਤ ਸਿੰਘ ਢਿੱਲੋਂ, ਪਿਰਥੀਪਾਲ ਸਿੰਘ ਹੇਅਰ,ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ, ਸਾਬਕਾ ਕੌਂਸਲਰ ਤਨਵੀਰ ਸਿੰਘ ਧਾਲੀਵਾਲ, ਜਸਮੇਰ ਸਿੰਘ ਢੱਟ, ਹਕੀਕਤ ਸਿੰਘ ਮਾਂਗਟ, ਕੰਵਲਜੀਤ ਸਿੰਘ ਸ਼ੰਕਰ, ਰਵਿੰਦਰ ਸਿੰਘ ਰੰਗੂਵਾਲ, ਜਤਿੰਦਰ ਸਿੰਘ ਲਾਡੀ, ਅਰੁਣ ਸ਼ਰਮਾ, ਸ਼ੇਰ ਸਿੰਘ ਬਡਬਰ, ਮਨਿੰਦਰ ਸਿੰਘ ਤੇ ਕਈ ਹੋਰ ਮਹੱਤਵ ਪੂਰਨ ਵਿਅਕਤੀ ਹਾਜ਼ਰ ਸਨ। ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਧੀਆਂ ਦੇ ਜਨਮ ਦਿਹਾੜੇ ਤੇ ਪੁਸਤਕ ਸ਼ਗਨ ਲਹਿਰ ਦਾ ਆਰੰਭ ਹੋਣਾ ਮੇਰੇ ਲਈ ਸ਼ੁਭ ਅਸੀਸ ਵਾਂਗ ਹੈ।