ਸੁਨਾਮ, 22 ਮਾਰਚ : ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁੱਜਰਾਂ ਤੋਂ ਬਾਅਦ ਸੁਨਾਮ ਇਲਾਕੇ ‘ਚ ਵੀ ਕਥਿਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ 6 ਮੌਤਾਂ, 7 ਹਸਪਤਾਲ ‘ਚ ਦਾਖਲ ਹੋਣ ਨਾਲ ਹੜਕੰਪ ਮੱਚ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਜਸ ਸਿੰਘ ਰਵੀਦਾਸਪੁਰਾ ਟਿੱਬੀ ਵਾਸੀ ਸਰਪੰਚ ਨੇ ਦੱਸਿਆ ਕਿ ਇਹ ਮੌਤਾਂ ਦਾਰੂ ਪੀਣ ਦੇ ਨਾਲ ਹੋਈਆਂ ਹਨ ਉਹਨਾਂ ਨੇ ਦੱਸਿਆ ਕਿ ਉਨਾਂ ਵੱਲੋਂ ਐਂਬੂਲੈਂਸ ਰਾਹੀਂ ਹੋਰ ਕਈ ਵਿਅਕਤੀ ਸਿਵਿਲ ਹਸਪਤਾਲ ਦੇ ਵਿੱਚ ਇਲਾਜ ਲਈ ਭੇਜੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਸੁਨਾਮ ਅਤੇ ਇਸ ਦੇ ਨਾਲ ਲੱਗਦੇ ਪਿੰਡ ਜਖੇਪਲ ਸਮੇਤ ਹੁਣ ਤੱਕ 6 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਇਸ ਤੋਂ ਇਲਾਵਾ ਪੀੜਤਾਂ ‘ਚੋਂ 7 ਵਿਅਕਤੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਉਹਨਾਂ ’ਚੋਂ ਕੁਝ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪਟਿਆਲਾ ਅਤੇ ਸੰਗਰੂਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਜਦੋਂ ਕਿ ਕੁਝ ਦੀ ਅੱਖਾਂ ਦੀ ਰੌਸ਼ਨੀ ਵੀ ਚਲੇ ਜਾਣ ਦਾ ਪਤਾ ਲੱਗਿਆ ਹੈ। ਭਾਵੇਂ ਪੁਲਿਸ ਅਤੇ ਪ੍ਰਸਾਸ਼ਨਿਕ ਅਧਿਕਾਰੀ ਇੰਨ੍ਹਾਂ ਮੌਤਾਂ ਦੇ ਕਾਰਨਾਂ ਦੀ ਪੁਸ਼ਟੀ ਕਰਨ ਤੋਂ ਟਾਲਾ ਵੱਟ ਰਹੇ ਹਨ ਪਰ ਮ੍ਰਿਤਕਾਂ ਦੇ ਪਰਿਵਾਰ ਅਤੇ ਲੋਕਾਂ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਨੇ ਮੁੱਲ ਦੀ ਸ਼ਰਾਬ ਲੈ ਕੇ ਪੀਤੀ ਸੀ। ਜਿਸ ਕਾਰਨ ਉਹ ਬਿਮਾਰ ਹੋ ਗਏ ਸਨ । ਕਥਿਤ ਜ਼ਹਿਰੀਲੀ ਸ਼ਰਾਬ ਪੀ ਕੇ ਮੌਤ ਦੇ ਮੂੰਹ ਵਿਚ ਜਾਣ ਵਾਲਿਆਂ ’ਚੋਂ ਗੁਰਮੀਤ ਸਿੰਘ (45) ਪੁੱਤਰ ਦੇਸ ਰਾਜ, ਲੱਛਾ ਸਿੰਘ (40) ਪੁੱਤਰ ਲੀਲਾ ਸਿੰਘ, ਬੁੱਧ ਸਿੰਘ (70) ਪੁੱਤਰ ਕਾਕਾ ਸਿੰਘ, ਸੇਵਕ (40) ਪੁੱਤਰ ਸੀਤਾ ਅਤੇ ਸਖੀ ਨਾਥ (65) ਪੁੱਤਰ ਮੇਹਰ ਨਾਥ ਸਾਰੇ ਵਾਸੀ ਰਵਿਦਾਸਪੁਰਾ ਟਿੱਬੀ ਸ਼ਾਮਿਲ ਹਨ। ਜਿੰਨ੍ਹਾਂ ’ਚੋਂ ਸਖੀ ਨਾਥ ਸਮਾਣਾ ਦਾ ਰਹਿਣ ਵਾਲਾ ਸੀ ਜੋ ਕਿ ਆਪਣੀ ਰਿਸ਼ਤੇਦਾਰੀ ਵਿਚ ਇੱਥੇ ਮਿਲਣ ਆਇਆ ਹੋਇਆ ਸੀ। ਇਸ ਤੋਂ ਇਲਾਵਾ ਜਖੇਪਲ ਵਾਸ ਦਾ ਰਹਿਣ ਵਾਲਾ ਗਿਆਨ ਸਿੰਘ (32) ਪੁੱਤਰ ਗੁਰਮੀਤ ਸਿੰਘ ਦੀ ਵੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਹੈ। ਇਸ ਮਾਮਲੇ ਵਿਚ ਸੁਖਦੇਵ ਸਿੰਘ, ਭੋਲੂ ਸਿੰਘ, ਬੂਟਾ ਸਿੰਘ, ਦਰਸ਼ਨ ਸਿੰਘ, ਰਵੀ ਸਿੰਘ, ਕਰਮਜੀਤ ਸਿੰਘ, ਸਫੀ ਸਿੰਘ ਆਦਿ ਦਾ ਸਿਵਲ ਹਸਪਤਾਲ ਸੁਨਾਮ ‘ਚ ਇਲਾਜ ਲਿਜਾਇਆ ਗਿਆ ਸੀ ਪਰੰਤੂ ਉਹਨਾਂ ਦੀ ਨਾਜੁਕ ਸਥਿਤੀ ਨੂੰ ਦੇਖਦੇ ਹੋਏ ਉਹਨਾਂ ਨੂੰ ਪਟਿਆਲਾ ਅਤੇ ਸੰਗਰੂਰ ਲਈ ਰੈਫਰ ਕਰ ਦਿੱਤਾ ਗਿਆ ਹੈ, ਜਿੰਨ੍ਹਾਂ ਚੋਂ ਕੁਝ ਦੀ ਹਾਲਤ ਨਾਜੁਕ ਬਣੀ ਹੋਈ ਹੈ। ਇਸ ਸਬੰਧੀ ਮੌਕੇ ਪੁੱਜੇ ਡੀਐਸਪੀ ਸੁਨਾਮ ਮਨਦੀਪ ਸਿੰਘ ਸੰਧੂ ਨਾਲ ਗੱਲਬਾਤ ਕਰਨ ’ਤੇ ਉਹਨਾਂ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਸਾਹਮਣੇ ਆਵੇਗਾ ਉਸ ਦੇ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਦੀ ਜਾਂਚ ਪੂਰੀ ਬਰੀਕੀ ਨਾਲ ਕੀਤੀ ਜਾਵੇਗੀ। ਇਸ ਸਬੰਧੀ ਐਸਡੀਐਮ ਸੁਨਾਮ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਹੈ।