ਚੰਡੀਗੜ੍ਹ : ਮਨੁੱਖਤਾ ਦੀ ਸੇਵਾ ਦੇ ਪੁੰਜ ਭਾਈ ਘਨੱਈਆ ਜੀ ਨੂੰ ਸਮਰਪਿਤ ‘ਮਾਨਵ ਸੇਵਾ ਦਿਵਸ’ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੂਬੇ ਭਰ ਦੇ ਲੋਕਾਂ ਨੂੰ ਭਾਈ ਘਨੱਈਆ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਅਪੀਲ ਕੀਤੀ ਹੈ। ਭਾਈ ਘਨੱਈਆ ਨੂੰ ਸ਼ਰਧਾ ਭੇਟ ਕਰਦੇ ਹੋਏ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਨੇ ਸਾਨੂੰ ਬਿਨ੍ਹਾਂ ਕਿਸੇ ਭੇਦਭਾਵ ਦੇ ਸਮਾਜ ਦੀ ਸੇਵਾ ਕਰਨ ਦਾ ਮਾਰਗ ਦਿਖਾਇਆ ਹੈ। ਭਾਈ ਘਨੱਈਆ ਕੈਂਸਰ ਰੋਕੋ ਸੋਸਾਇਟੀ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰਨ ਦਾ ਉਨ੍ਹਾਂ ਨੂੰ ਵੀ ਸੁਭਾਗ ਪ੍ਰਾਪਤ ਹੋਇਆ ਹੈ ਜਿਸ ਕਰ ਕੇ ਉਹ ਆਪਣੇ ਆਪ ਨੂੰ ਵੱਡਭਾਗਾ ਸਮਝਦੇ ਹਨ। ਭਾਈ ਘਨੱਈਆ ਜੀ ਦੇ ਪਿਤਾ ਇੱਕ ਅਮੀਰ ਵਪਾਰੀ ਸਨ ਪਰ ਉਹ ਖੁਦ ਇੱਕ ਧਾਰਮਿਕ ਸਖਸ਼ੀਅਤ ਸਨ। ਉਨ੍ਹਾਂ ਨੇ ਅਧਿਆਤਮਵਾਦੀ ਅਤੇ ਮਾਨਵਤਾਵਾਦੀ ਨਜ਼ਰੀਆ ਅਪਣਾਇਆ ਅਤੇ ਸਮੁੱਚਾ ਜੀਵਨ ਇਸ ਮਾਰਗ ’ਤੇ ਚੱਲਦੇ ਰਹੇ। ਭਾਈ ਘਨੱਈਆ ਜੀ ਨੇ 1704 ਵਿੱਚ ਆਨੰਦਪੁਰ ਸਾਹਿਬ ਦੀ ਲੜਾਈ ਵਿੱਚ ਜ਼ਖਮੀ ਹੋਏ ਸਿਪਾਹੀਆਂ ਦੀ ਪਿਆਸ ਬੁਝਾਉਣ ਦਾ ਕੰਮ ਸੰਭਾਲਿਆ ਅਤੇ ਉਨ੍ਹਾਂ ਨੇ ਇਹ ਸੇਵਾ ਬਿਨ੍ਹਾਂ ਕਿਸੇ ਭੇਦਭਾਵ ਦੇ ਨਿਭਾਈ। ਉਨ੍ਹਾਂ ਨੇ ਗੁਰੂ ਦੇ ਸਿੱਖ ਸਿਪਾਹੀਆਂ ਅਤੇ ਮੁਗਲ ਫ਼ੌਜਾਂ ਦੇ ਸਿਪਾਹੀਆਂ ਨੂੰ ਬਿਨ੍ਹਾਂ ਕਿਸੇ ਵਿਤਕਰੇ ਨਾਲ ਪਾਣੀ ਪਿਲਾਇਆ ਅਤੇ ਉਹ ਸੇਵਾ ਦੇ ਪੰਜ ਹੋ ਨਿਬੜੇ। ਸੰਧਵਾਂ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਸਾਨੂੰ ਭਾਈ ਘਨੱਈਆ ਜੀ ਦੀਆਂ ਸਿੱਖਿਆਵਾਂ ਅਪਨਾਉਣੀਆਂ ਚਾਹੀਦਾ ਹੈ। ਉਨ੍ਹਾਂ ਨੇ ਅਵਾਮ ਨੂੰ ਆਪਸੀ ਪ੍ਰੇਮ ਪਿਆਰ, ਮਿਲਵਰਤਨ ਅਤੇ ਭਾਈਚਾਰੇ ਨਾਲ ਰਹਿਣ ਦੀ ਅਪੀਲ ਕੀਤੀ ਹੈ ਅਤੇ ਲੋਕਾਂ ਨੂੰ ਬਿਨ੍ਹਾਂ ਕਿਸੇ ਵਿਤਕਰੇ ਦੇ ਸਮਾਜ ਵਿੱਚ ਆਪਣੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਹੈ।