ਚੰਡੀਗੜ੍ਹ :ਹਲਵਾਰਾ ਏਅਰਪੋਰਟ ਦੇ ਟਰਮੀਨਲ ਦਾ ਮਾਨ ਸਰਕਾਰ ਵੱਲੋਂ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ, ਹਲਵਾਰਾ ਹਵਾਈ ਅੱਡੇ ਦੇ ਟਰਮੀਨਲ ਅਤੇ ਹੋਰ ਕੰਮਾਂ ਲਈ ਸਰਕਾਰ ਵੱਲੋਂ 50 ਕਰੋੜ ਰੁਪਏ ਵੀ ਜਾਰੀ ਕਰ ਦਿੱਤੇ ਗਏ ਹਨ। ਸੂਬਾ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਵਿਭਾਗ, ਪੰਜਾਬ ਨੇ ਲੋਕ ਨਿਰਮਾਣ ਵਿਭਾਗ ਤੋਂ ਟਰਮੀਨਲ ਬਿਲਡਿੰਗ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕਾਂਗਰਸ ਸਰਕਾਰ ਦਰਮਿਆਨ ਸਰਕਾਰ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਵਿਚਕਾਰ ਹਲਵਾਰਾ ਏਅਰਪੋਰਟ ਟਰਮੀਨਲ ਦੀ ਉਸਾਰੀ ਨੂੰ ਲੈ ਕੇ ਸਹਿਮਤੀ ਨਹੀਂ ਬਣ ਪਾਈ ਸੀ। ਜਿਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਰਮੀਨਲ ਦੀ ਇਮਾਰਤ ਨੂੰ ਆਪਣੇ ਪੱਧਰ 'ਤੇ ਬਣਾਉਣ ਦਾ ਫੈਸਲਾ ਕੀਤਾ, ਇਸ ਦੀ ਜ਼ਿੰਮੇਵਾਰੀ ਉਨ੍ਹਾਂ ਲੋਕ ਨਿਰਮਾਣ ਵਿਭਾਗ ਨੂੰ ਹੀ ਸੌਂਪੀ ਸੀ। ਕਾਬਲੇਗੌਰ ਹੈ ਕਿ ਉਸਾਰੀ ਦੇ ਸਬੰਧ 'ਚ ਉਸ ਵੇਲੇ ਟੈਂਡਰ ਜਾਰੀ ਕਰ ਦਿੱਤਾ ਗਿਆ ਸੀ ਪਰ ਉਦੋਂ ਤੱਕ ਵੱਡੇ ਰਾਜਨੀਤਿਕ ਫੇਰਬਦਲ ਮਗਰੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ ਤੇ ਕੈਪਟਨ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ। ਚੰਨੀ ਸਰਕਾਰ ਸਮੇਂ ਪਿਛਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕੰਸਟਰੱਕਸ਼ਨ ਕੰਪਨੀ ਨੇ ਉਸਾਰੀ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਸੀ ਤੇ ਕੰਪਨੀ ਨੇ ਕਰੀਬ ਪੰਜ ਫੀਸਦੀ ਕੰਮ ਪੂਰਾ ਕਰ ਲਿਆ ਸੀ ਪਰ ਮੁੜ ਚੰਨੀ ਸਰਕਾਰ ਨੇ ਕੰਪਨੀ ਨੂੰ ਕੋਈ ਫੰਡ ਜਾਰੀ ਨਹੀਂ ਕੀਤਾ, ਜਿਸ ਕਾਰਨ ਉਨ੍ਹਾਂ ਕੰਮ ਬੰਦ ਕਰ ਦਿੱਤਾ। ਹੁਣ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੰਮ ਬਹਾਲੀ ਲਈ 50 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਜਿਸ ਮਗਰੋਂ ਏਅਰਪੋਰਟ ਟਰਮੀਨਲ ਦਾ ਕੰਮ ਮੁੜ ਪੁਰਾਣੇ ਡਿਜ਼ਾਈਨ ਅਨੁਸਾਰ ਲੋਕ ਨਿਰਮਾਣ ਵਿਭਾਗ ਨੇ ਸ਼ੁਰੂ ਕੀਤਾ ਗਿਆ ਹੈ। ਇਹ ਵੀ ਦੱਸਿਆ ਗਿਆ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ ਨਾਲ ਵੀ ਕੁਝ ਮੁੱਦੇ ਸਨ, ਜਿਸ ਕਾਰਨ ਕੰਮ ਠੱਪ ਹੋ ਗਿਆ ਸੀ। ਹੁਣ ਇਹ ਕਿਹਾ ਜਾ ਰਿਹਾ ਕਿ ਇਹ ਸਾਰਾ ਕੰਮ ਅਗਲੇ ਸਾਲ ਮਾਰਚ ਤੱਕ ਪੂਰਾ ਕਰ ਲਿਆ ਜਾਵੇਗਾ।