- ਹਾਲ ਹੀ ਦੀਆਂ ਘਟਨਾਵਾਂ ਪਿੱਛੇ ਮਾਸਟਰ ਮਾਈਂਡ ਬੇਨਕਾਬ ਹੋਵੇ
ਚੰਡੀਗੜ੍ਹ, 25 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਪਿਛਲੇ ਮਹੀਨਿਆਂ ਦੌਰਾਨ ਖਾਸ ਤੌਰ ’ਤੇ ਜਲੰਧਰ ਜ਼ਿਮਨੀ ਚੋਣ ਦੇ ਐਲਾਨ ਤੋਂ ਬਾਅਦ ਵਾਪਰੀਆਂ ਭੜਕਾਊ ਘਟਨਾਵਾਂ ਤੇ ਘਟਨਾਕ੍ਰਮਾਂ ਪਿੱਛੇ ਡੂੰਘੀ ਸਾਜ਼ਿਸ਼ ਹੋਣ ਦੀ ਧਾਰਨਾ ਨੂੰ ਵੇਖਦਿਆਂ ਇਸ ਮਾਮਲੇ ’ਤੇ ਉਚ ਪੱਧਰੀ ਤੇ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤੇ ਤਰਜੀਹੀ ਤੌਰ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਤੋਂ ਇਹ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬੀ ਚਾਹੁੰਦੇ ਹਨ ਕਿ ਇਸ ਸਾਜ਼ਿਸ਼ ਪਿੱਛੇ ਮਾਸਟਰ ਮਾਈਂਡ ਨੂੰ ਬੇਨਕਾਬ ਕਰ ਕੇ ਸਜ਼ਾ ਮਿਲਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਇਹ ਜਾਨਣ ਦਾ ਹੱਕ ਹੈ ਕਿ ਇਹਨਾਂ ਸਾਜ਼ਿਸ਼ਾਂ ਨੂੰ ਸਿਰੇ ਚੜ੍ਹਾਉਣ ਪਿੱਛੇ ਕਿਸਦਾ ਹੱਥ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਮੁਖੀ ਨੇ ਕੇਂਦਰ ਤੇ ਪੰਜਾਬ ਸਰਕਾਰ ਦੋਵਾਂ ਨੂੰ ਆਖਿਆ ਕਿ ਉਹ ਪੁਲਿਸ ਵੱਲੋਂ ਵਿੱਢੀ ਮੁਹਿੰਮ, ਇਸਦੇ ਅਖੌਤੀ ਸਿਖ਼ਰ ਤੇ ਇਸਦੇ ਨਾਲ ਹੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ’ਤੇ ਪ੍ਰਗਟ ਕੀਤੇ ਜਾ ਰਹੇ ਸ਼ੰਕਿਆਂ ਨੂੰ ਦੂਰ ਕਰਨ ਵਾਸਤੇ ਸਪਸ਼ਟ ਬਿਆਨ ਜਾਰੀ ਕਰਨ। ਉਹਨਾਂ ਕਿਹਾ ਕਿ ਕੋਈ ਵੀ ਇਹਨਾਂ ਘਟਨਾਵਾਂ ਵਿਚ ਸਰਕਾਰ ਵੱਲੋਂ ਪੇਸ਼ ਪੱਖ ’ਤੇ ਵਿਸ਼ਵਾਸ ਨਹੀਂ ਕਰ ਰਿਹਾ। ਲੋਕਾਂ ਨੂੰ ਸ਼ੱਕ ਹੈ ਕਿ ਜਲੰਧਰ ਜ਼ਿਮਨੀ ਚੋਣ ਦੇ ਨਾਲ ਨਾਲ ਦੇਸ਼ ਵਿਚ ਹੋਣ ਵਾਲੀਆਂ ਚੋਣਾਂ ਵਿਚ ਲਾਹਾ ਲੈਣ ਵਾਸਤੇ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਕਰਨ ਵਾਸਤੇ ਕੋਈ ਲੁਕਵੀਂ ਮੁਹਿੰਮਚਲ ਰਹੀ ਹੈ। ਉਹਨਾਂ ਕਿਹਾ ਕਿ ਰਾਜ ਤੇ ਕੇਂਦਰ ਸਰਕਾਰਾਂ ਨੂੰ ਠੋਸ ਤੇ ਤੱਥਾਂ ’ਤੇ ਆਧਾਰਿਤ ਸਬੂਤਾਂ ਨਾਲ ਇਹ ਤੌਖਲੇ ਦੂਰ ਕਰਨੇ ਚਾਹੀਦੇ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਪ੍ਰਸ਼ਾਸਨ ਚਲਾਉਣ ਤੇ ਸ਼ਾਂਤੀ, ਫਿਰਕੂ ਸਦਭਾਵਨਾ ਕਾਇਮ ਰੰਖਣ ਤੇ ਵਿਕਾਸ ਕਰਨ ਵਿਚ ਫੇਲ੍ਹ ਹੋਣ ਕਾਰਨ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਵਾਰ ਵਾਰ ਡਰਾਮੇ ਕਰ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਵੀ ਸਰਕਾਰ ਦੇ ਮੰਤਰੀ ਤੇ ਵਿਧਾਇਕ ਦੇਹ ਵਪਾਰ ਦੇ ਸ਼ਰਮਨਾਕ ਧੰਦੇ ਵਿਚ ਸ਼ਾਮਲ ਜਾਂ ਫਿਰ ਰਿਸ਼ਵਤ ਲੈਂਦੇ ਰੰਗੇ ਹੱਥ ਫੜੇ ਜਾਂਦੇ ਹਨ ਜਾਂ ਫਿਰ ਜੇਲ੍ਹਾਂ ਵਿਚੋਂ ਗੈਂਗਸਟਰ ਇੰਟਰਵਿਊ ਦਿੰਦੇ ਹਨ ਤੇ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਆਪ ਸਰਕਾਰ ਇਕ ਜਾਂ ਦੂਜਾ ਤਮਾਸ਼ਾ ਕਰਦੀ ਹੈ। ਉਹਨਾਂ ਕਿਹਾ ਕਿ ਬਿਸ਼ਨੋਈ ਮਾਮਲੇ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਸਰਕਾਰ ਨੇ ਸਿੱਖ ਨੌਜਵਾਨਾਂ ਦੀ ਫੜੋ ਫੜੀ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਕਿ ਆਪ ਦੇ ਆਗੂਆਂ ਦੀ ਜਿਸਮ ਫਰੋਸ਼ ਦੇ ਧੰਦੇ ਵਿਚ ਸ਼ਮੂਲੀਅਤ ਦੇ ਦੋਸ਼ ਲੱਗਣ ਤੋਂ ਬਾਅਦ ਇਸਨੇ ਇਕ ਹੋਰ ਡਰਾਮਾ ਕੀਤਾ। ਉਹਨਾਂ ਕਿਹਾ ਕਿ ਇਹ ਕੁਦਰਤੀ ਗੱਲ ਹੈ ਕਿ ਲੋਕਾਂ ਨੂੰ ਸ਼ੱਕ ਹੋਵੇਗਾ ਹੀ ਕਿ ਮੋਰਿੰਡਾ ਵਿਚ ਵਪਾਰੇ ਬੇਅਦਬੀ ਮਾਮਲੇ ਦਾ ਸਰਕਾਰ ਨਾਲ ਕੋਈ ਸਰੋਕਾਰ ਹੈ ਕਿਉਂਕਿ ਰੋਡੇ ਵਿਚ ਵਾਪਰੇ ਘਟਨਾਕ੍ਰਮ ਵਿਚ ਸਰਕਾਰ ਦਾ ਪੱਖ ਸਵਾਲੀਆ ਨਿਸ਼ਾਨਾਂ ਹੇਠ ਹੈ। ਸਰਦਾਰ ਬਾਦਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੰਜਾਬ ਨੂੰ ਮੁੜ ਲਾਂਬੂ ਲਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਾਨੂੰ ਇਹ ਜਾਨਣ ਦਾ ਹੱਥ ਹੈ ਕਿ ਇਹਨਾਂ ਸਾਜ਼ਿਸ਼ਾਂ ਪਿੱਛੇ ਕਿਸਦਾ ਹੱਥ ਹੈ।