ਅੰਮ੍ਰਿਤਸਰ, 15 ਜੁਲਾਈ 2024 : ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਵਾਂ ਲੜਕਿਆਂ ਵੱਲੋਂ ਇੱਕ ਵਪਾਰੀ ਤੋਂ 6 ਲੱਖ ਰੁਪਏ ਦੀ ਫਿਰੋਤੀ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਸੁਧੀਰ ਸੂਰੀ ਦੇ ਲੜਕੇ ਮਾਣਕ ਸੂਰੀ ਅਤੇ ਪਾਰਸ ਸੂਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸੰਬੰਧ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਜੂਨ 2024 ਨੂੰ ਕਮਲ ਕੰਤ ਨਾਮ ਦਾ ਵਿਅਕਤੀ ਜੋ ਕਿ ਅੰਮ੍ਰਿਤਸਰ ਦੀਪ ਕੰਪਲੈਕਸ ਵਿੱਚ ਆਨਲਾਈਨ ਮੋਬਾਈਲ ਖਰੀਦਣ ਅਤੇ ਵੇਚਣ ਦਾ ਕਾਰੋਬਾਰ ਕਰਦਾ ਹੈ, ਉਸ ਨੂੰ ਫਿਰੌਤੀ ਲਈ ਸ਼ਿਕਾਰ ਬਣਾਇਆ ਗਿਆ, ਪੁਲਿਸ ਮੁਤਾਬਿਕ ਮੁਲਜ਼ਮ ਮਾਣਕ ਸੂਰੀ ਅਤੇ ਪਾਰਸ ਸੂਰੀ ਵੱਲੋਂ ਪਹਿਲਾਂ ਤਾਂ ਪੀੜਤ ਦੁਕਾਨਦਾਰ ਦੇ ਸਾਰੇ ਮੋਬਾਈਲਾਂ ਨੂੰ ਬਾਕਸ ਵਿੱਚ ਪਾ ਕੇ ਕਿਸੇ ਦੂਸਰੀ ਥਾਂ ਉੱਤੇ ਲਿਜਾਂਦਾ ਗਿਆ। ਬਾਅਦ ਵਿੱਚ ਉੱਥੇ ਦੁਕਾਨਦਾਰ ਨੂੰ ਬੁਲਾ ਕੇ ਉਸ ਦੇ ਕੋਲੋਂ 6 ਲੱਖ ਰੁਪਏ ਦੀ ਫਰੋਤੀ ਮੰਗੀ ਅਤੇ 6 ਲੱਖ ਰੁਪਏ ਲੈਣ ਤੋਂ ਬਾਅਦ ਉਸ ਨੂੰ 15 ਲੱਖ ਰੁਪਏ ਦੀ ਰਸੀਦ ਕੱਟ ਕੇ ਦਿੱਤੀ ਅਤੇ ਕਿਹਾ ਕਿ ਇਹ ਸ਼ਿਵ ਸੈਨਾ ਦੇ ਲਈ ਡੋਨੇਸ਼ਨ ਹੈ। ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਪੁਲਿਸ ਨੇ ਪਾਰਸ ਸੂਰੀ ਅਤੇ ਮਾਣਕ ਸੂਰੀ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਇਲਾਵਾ ਪੁਲਿਸ ਨੇ ਸੁਖਜਿੰਦਰ ਸਿੰਘ ਅਤੇ ਗੁਰਮੀਤ ਸਿੰਘ ਨਾਮ ਦੇ ਵਿਅਕਤੀਆਂ ਉੱਤੇ ਮਾਮਲਾ ਵੀ ਦਰਜ ਕੀਤਾ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹੁਣ ਇਹਨਾਂ ਦੋਵਾਂ ਦੀ ਪੁਲਿਸ ਸੁਰੱਖਿਆ ਵੀ ਵਾਪਸ ਲਈ ਜਾਵੇਗੀ ਅਤੇ ਫਿਲਹਾਲ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।