ਨੰਗਲ, 10 ਫਰਵਰੀ : ਨੰਗਲ ਵਿੱਚ ਭਾਖੜਾ ਨਹਿਰ ਵਿੱਚ ਇੱਕ ਕਾਰ ਡਿੱਗ ਗਈ। ਇਸ ਹਾਦਸੇ ‘ਚ ਕਾਰ ਸਣੇ ਤਿੰਨ ਲੋਕ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ, ਜਦਕਿ ਇਕ ਵਿਅਕਤੀ ਨੂੰ ਨਹਿਰ ‘ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਨੰਗਲ ਦੀ ਜਵਾਹਰ ਮਾਰਕੀਟ ਦਾ ਰਹਿਣ ਵਾਲਾ ਮੋਹਨ ਲਾਲ BBMB ਦਾ ਮੁਲਾਜ਼ਮ ਦੱਸਿਆ ਗਿਆ ਹੈ। ਉਹ ਆਪਣੀ ਪਤਨੀ, ਭੈਣ ਅਤੇ ਭਰਜਾਈ ਨਾਲ ਆਪਣੇ ਘਰ ਤੋਂ ਬਾਬਾ ਧੁੰਨੇ ਬਾਲਾ ਮੰਦਿਰ ਮੱਥਾ ਟੇਕਣ ਲਈ ਜਾ ਰਹੇ ਸਨ। ਕਿਸੇ ਕਾਰਨ ਉਨ੍ਹਾਂ ਦੀ ਦੀ ਕਾਰ ਅਚਾਨਕ ਭਾਖੜਾ ਨਹਿਰ ਵਿੱਚ ਡਿੱਗ ਗਈ। ਮੋਹਨ ਲਾਲ ਤਾਂ ਸੁਰੱਖਿਅਤ ਬਚ ਗਿਆ ਪਰ ਉਸ ਦੀ ਪਤਨੀ ਸਰੋਜ, ਭੈਣ ਸੁਮਨ ਅਤੇ ਜੀਜਾ ਅਕਸ਼ੈ ਕਾਰ ਸਣੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਇੰਚਾਰਜ ਸਬ-ਇੰਸਪੈਕਟਰ ਦਾਨਿਸ਼ਵੀਰ ਸਿੰਘ, ਬੀਬੀਐਮਬੀ ਫਾਇਰ ਵਿਭਾਗ ਦੀ ਟੀਮ ਅਤੇ ਗੋਤਾਖੋਰ ਕਮਲਪ੍ਰੀਤ ਸੈਣੀ ਵੀ ਮੌਕੇ ’ਤੇ ਪਹੁੰਚ ਗਏ। ਕਾਰ ਅਤੇ ਕਾਰ ਵਿੱਚ ਸਵਾਰ ਬਾਕੀ ਤਿੰਨ ਵਿਅਕਤੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਪਰ ਖ਼ਬਰ ਲਿਖੇ ਜਾਣ ਤੱਕ ਲਾਪਤਾ ਵਿਅਕਤੀਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਸੀ। ਚਸ਼ਮਦੀਦਾਂ ਮੁਤਾਬਕ ਨਹਿਰ ‘ਚ ਡਿੱਗਣ ਤੋਂ ਬਾਅਦ ਕਾਰ ਕਾਫੀ ਦੇਰ ਤੱਕ ਪਾਣੀ ‘ਚ ਤੈਰਦੀ ਰਹੀ ਅਤੇ ਲੋਕਾਂ ਦੀ ਮਦਦ ਨਾਲ ਤੈਰਦੀ ਕਾਰ ਨੂੰ ਵੀ ਰੱਸੀ ਨਾਲ ਬੰਨ੍ਹ ਲਿਆ ਗਿਆ ਪਰ ਅਚਾਨਕ ਕਾਰ ਦੀ ਇਕ ਖਿੜਕੀ ਖੁੱਲ੍ਹ ਗਈ ਅਤੇ ਕਾਰ ਡੁੱਬ ਗਈ। ਕਾਰ ਵਿੱਚ ਪਾਣੀ ਭਰਨ ਕਾਰਨ ਮੌਕੇ ‘ਤੇ ਪਹੁੰਚੇ ਥਾਣਾ ਸਦਰ ਦੇ ਇੰਚਾਰਜ ਸਬ-ਇੰਸਪੈਕਟਰ ਦਾਨਿਸ਼ਵੀਰ ਸਿੰਘ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਗੋਤਾਖੋਰ ਕਮਲਪ੍ਰੀਤ ਅਤੇ ਉਨ੍ਹਾਂ ਦੀ ਟੀਮ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ ਲੋਕਾਂ ਨੂੰ ਲੱਭਣ ‘ਚ ਲੱਗੀ ਹੋਈ ਹੈ।