ਅਮਲੋਹ, 28 ਮਾਰਚ : ਫ਼ਤਹਿਗੜ੍ਹ ਸਾਹਿਬ ਦੀ ਅਮਲੋਹ ਤਹਿਸੀਲ ਦੇ ਪਿੰਡ ਬੁੱਗਾ ਕਲਾਂ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਭਰਾ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੁਲਸ ਨੇ ਪਤਨੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਤਨੀ ਨੇ ਵੀ ਇਸ ਕਤਲ ਵਿੱਚ ਉਸ ਦਾ ਸਾਥ ਦਿੱਤਾ। ਇਨ੍ਹਾਂ ਦੀ ਪਛਾਣ ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਜਸਵੀਰ ਕੌਰ ਵਾਸੀ ਗਰੀਨ ਪਾਰਕ ਨੇੜੇ ਸਪਰਿੰਗ ਡੇਲ ਸਕੂਲ ਖੰਨਾ ਵਜੋਂ ਹੋਈ ਹੈ। ਐਸਐਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਕੁਲਦੀਪ ਸਿੰਘ ਖੰਨਾ ’ਚ ਰਹਿੰਦਾ ਹੈ ਅਤੇ ਉਸਦਾ ਛੋਟਾ ਭਰਾ ਹਰਭਜਨ ਸਿੰਘ ਭਾਦਸੋਂ ਰੋਡ, ਪਟਿਆਲਾ ’ਤੇ ਰਹਿੰਦਾ ਹੈ। ਬੁੱਗਾ ਕਲਾਂ ਵਿੱਚ ਜ਼ਮੀਨ ਵਿੱਚ ਰਸਤੇ ਨੂੰ ਲੈ ਕੇ ਦੋ ਭਰਾਵਾਂ ਵਿੱਚ ਵਿਵਾਦ ਚੱਲ ਰਿਹਾ ਸੀ। ਪੰਚਾਇਤ ਵੱਲੋਂ ਕਈ ਵਾਰ ਫੈਸਲੇ ਲਏ ਗਏ ਪਰ ਵਿਵਾਦ ਹੱਲ ਨਹੀਂ ਹੋਇਆ। ਬੁੱਧਵਾਰ ਨੂੰ ਹਰਭਜਨ ਸਿੰਘ ਨੂੰ ਪਤਾ ਲੱਗਾ ਕਿ ਕੁਲਦੀਪ ਸਿੰਘ ਆਪਣੀ ਪਤਨੀ ਜਸਵੀਰ ਕੌਰ ਨਾਲ ਖੇਤਾਂ ’ਚ ਰਸਤਾ ਬਣਾ ਰਿਹਾ ਸੀ। ਜਿਸ ਤੋਂ ਬਾਅਦ ਹਰਭਜਨ ਸਿੰਘ ਆਪਣੀ ਪਤਨੀ ਅਤੇ ਹੋਰ ਰਿਸ਼ਤੇਦਾਰਾਂ ਨਾਲ ਉਥੇ ਚਲਾ ਗਿਆ। ਕੁਲਦੀਪ ਸਿੰਘ ਨੇ ਪਹਿਲਾਂ ਚਾਕੂ ਨਾਲ ਹਮਲਾ ਕੀਤਾ। ਇਸ ਦੌਰਾਨ ਜਸਵੀਰ ਕੌਰ ਨੇ ਕਾਰ ’ਚੋਂ ਲਾਇਸੈਂਸੀ ਰਿਵਾਲਵਰ ਕੱਢ ਕੇ ਆਪਣੇ ਪਤੀ ਨੂੰ ਦੇ ਦਿੱਤਾ ਅਤੇ ਉਸ ਨੂੰ ਰੋਜ਼ਾਨਾ ਦੀ ਪ੍ਰੇਸ਼ਾਨੀ ਖਤਮ ਕਰਨ ਲਈ ਕਿਹਾ। ਫਿਰ ਕੁਲਦੀਪ ਸਿੰਘ ਨੇ ਹਰਭਜਨ ਸਿੰਘ ’ਤੇ ਗੋਲੀ ਚਲਾ ਦਿੱਤੀ ਜੋ ਉਸ ਦੇ ਪੱਟ ’ਚ ਲੱਗੀ ਅਤੇ ਹਰਭਜਨ ਜ਼ਮੀਨ ’ਤੇ ਡਿੱਗ ਪਿਆ। ਦੂਸਰੀ ਗੋਲੀ ਵੀ ਲੱਗੀ। ਜਦੋਂ ਰਿਸ਼ਤੇਦਾਰ ਹਰਭਜਨ ਨੂੰ ਸਿਵਲ ਹਸਪਤਾਲ ਅਮਲੋਹ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਐਸਐਸਪੀ ਨੇ ਦੱਸਿਆ ਕਿ ਜਿਸ ਰਿਵਾਲਵਰ ਨਾਲ ਇਹ ਕਤਲ ਹੋਇਆ ਹੈ, ਉਹ ਕੁਲਦੀਪ ਦੀ ਪਤਨੀ ਜਸਵੀਰ ਕੌਰ ਦੇ ਨਾਂ ’ਤੇ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਚਾਰ ਘੰਟਿਆਂ ਦੇ ਅੰਦਰ ਦੋਨਾਂ ਦੋਸ਼ੀਆਂ ਨੂੰ ਫੜ ਲਿਆ। ਕੁਲਦੀਪ ਦੇ ਬੈੱਡਰੂਮ ਵਿੱਚੋਂ ਇੱਕ ਰਿਵਾਲਵਰ ਬਰਾਮਦ ਹੋਇਆ।