ਅੰਮ੍ਰਿਤਸਰ, 22 ਫਰਵਰੀ : ਅੰਮ੍ਰਿਤਸਰ ਵਿੱਚ ਸਿੱਖ ਸਾਹਿਤ ਛਾਪਣ ਵਾਲੀ ਸੰਸਥਾ ਭਾਈ ਚਤਰ ਸਿੰਘ ਜੀਵਨ ਸਿੰਘ ਵਿਰੁੱਧ ਸਿੱਖ ਜਥੇਬੰਦੀਆਂ ਨੇ ਵੱਡੀ ਕਾਰਵਾਈ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਤਿਕਾਰ ਕਮੇਟੀ ਦੇ ਮੈਂਬਰ ਬੁੱਧਵਾਰ ਸ਼ਾਮ ਨੂੰ ਪ੍ਰਿੰਟਿੰਗ ਪ੍ਰੈੱਸ ‘ਤੇ ਪਹੁੰਚੇ ਅਤੇ ਉਥੇ ਹੋ ਰਹੀ ਬੇਅਦਬੀਆਂ ਮਗਰੋਂ ਪ੍ਰਿੰਟਿੰਗ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਗੁਟਕਾ ਸਾਹਿਬ ਦੀ ਛਪਾਈ ਦਾ ਕੰਮ ਭਾਈ ਚਤਰ ਸਿੰਘ ਜੀਵਨ ਸਿੰਘ ਵਿਖੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ। ਮਨਜੀਤ ਸਿੰਘ ਨੂੰ ਪ੍ਰਿੰਟਿੰਗ ਪ੍ਰੈਸ ਵਿੱਚ ਹੋ ਰਹੀ ਬੇਅਦਬੀ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਸ ਨੇ ਜਾਂਚ ਲਈ ਕੁਝ ਸਮਾਂ ਇੱਥੇ ਸੇਵਾ ਕਰਨ ਦਾ ਮਨ ਬਣਾਇਆ। ਇਸ ਮਗਰੋਂ ਇੱਥੇ ਹੋ ਰਹੀਆਂ ਬੇਅਦਬੀ ਦੀਆਂ ਗੱਲਾਂ ਸੱਚ ਸਾਬਤ ਹੋਈਆਂ। ਜਿਸ ਤੋਂ ਬਾਅਦ ਇਹ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਇੱਥੇ ਛਪਾਈ ਦਾ ਕੰਮ ਕਰ ਰਹੇ ਸਨ। ਜਿਥੇ ਇਸ ਪ੍ਰਿੰਟਿੰਗ ਪ੍ਰੈਸ ਵਿੱਚ ਮਰਿਆਦਾ ਦੀ ਉਲੰਘਣਾ ਕੀਤੀ ਜਾ ਰਹੀ ਸੀ। ਇਸ ਪ੍ਰੈੱਸ ਵਿੱਚ ਗੁਟਕਾ ਅਤੇ ਸ਼ਰਾਬ ਵੀ ਪੀਤੀ ਗਈ। ਇੰਨਾ ਹੀ ਨਹੀਂ ਇੱਥੇ ਮਜ਼ਦੂਰ ਬੀੜੀ ਵੀ ਪੀਂਦੇ ਸਨ। ਪ੍ਰਿੰਟਿੰਗ ਪ੍ਰੈੱਸ ‘ਚ ਹੋ ਰਹੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਤਿਕਾਰ ਕਮੇਟੀ, ਸ਼੍ਰੋਮਣੀ ਕਮੇਟੀ ਪੁਲਿਸ ਸਣੇ ਪ੍ਰਿੰਟਿੰਗ ਪ੍ਰੈੱਸ ‘ਤੇ ਪਹੁੰਚੀ, ਜਿਸ ਤੋਂ ਬਾਅਦ ਪ੍ਰਿੰਟਿੰਗ ਪ੍ਰੈਸ ਵਿੱਚ ਕੰਮ ਬੰਦ ਕਰ ਦਿੱਤਾ ਗਿਆ ਅਤੇ ਪ੍ਰੈਸ ਦੇ ਬਾਹਰ ਵੀ ਤਾਲਾ ਲਗਾ ਦਿੱਤਾ ਗਿਆ।