ਜਾਤ ਪਾਤ ਤੋਂ ਉਪਰ ਉੱਠ ਕੇ ਲੋਕਾਂ ਦੀ ਸਹਾਇਤਾ ਲਈ ਵਧ ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ : ਕੁਲਤਾਰ ਸੰਧਵਾਂ
ਐਸ.ਏ.ਐਸ ਨਗਰ : ਲੋਕ ਕਲਿਆਣ ਕੇਂਦਰ ਰਾਮਗੜ੍ਹੀਆ ਸਭਾ (ਰਜਿ) ਵੱਲੋਂ ਅੱਜ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਰਾਮਗੜ੍ਹੀਆਂ ਭਵਨ, ਫੇਜ਼ 3ਬੀ1,ਐਸ.ਏ.ਐਸ ਨਗਰ ਵਿਖੇ ਪੂਰੀ ਸ਼ਰਧਾ ਨਾਲ ਮਨਾਇਆ ਗਿਆ । ਇਸ ਸਮਾਗਮ ਵਿੱਚ ਪੰਜਾਬ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾ ਵੱਲੋਂ ਵਿਸ਼ੇਸ਼ ਮਹਿਮਾਨ ਵਜ਼ੋ ਸ਼ਿਰਕਤ ਕੀਤੀ ਗਈ । ਇਸ ਦੌਰਾਨ ਉਨ੍ਹਾਂ ਜਾਤ ਪਾਤ ਤੋਂ ਉਪਰ ਉੱਠ ਕੇ ਭਾਈਚਾਰਕ ਸਾਂਝ ਨਾਲ ਮਿਲਵਰਤਨ ਦਾ ਸੁਨੇਹਾ ਦਿੱਤਾ ਅਤੇ ਗਰੀਬ ਬੱਚਿਆ ਦੀ ਪੜ੍ਹਾਈ ਅਤੇ ਲੋਕ ਭਲਾਈ ਦੇ ਕੰਮਾਂ ਲਈ ਪ੍ਰਬੰਧੀ ਕਮੇਟੀ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ । ਸੰਗਤ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਕੁਲਤਾਰ ਸੰਧਵਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੁਆਰਾ ਦਰਸਾਏ ਗਏ ਰਸਤੇ ਤੇ ਚੱਲਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਦਿਹਾੜੇ ਮਨਾਉਂਣ ਤੱਕ ਸੀਮਿਤ ਨਹੀ ਰਹਿਣਾ ਚਾਹੀਦਾ ਸਗੋਂ ਗੁਰੂਆਂ ਦੁਆਰਾ ਦਰਸਾਏ ਰਸਤੇ ਤੇ ਚੱਲ ਕਿ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਦੀ ਮੱਦਦ ਲਈ ਸਾਰਿਆ ਨੂੰ ਅੱਗੇ ਆਉਂਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਕਿਸੇ ਵੀ ਵਸਨੀਕ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਉਨ੍ਹਾਂ ਪ੍ਰਬੰਧੀ ਕਮੇਟੀ ਅਤੇ ਆਈ ਹੋਈ ਸੰਗਤ ਨੂੰ ਵਧਾਈ ਦਿੰਦਿਆ ਕਿਹਾ ਕਿ ਜੀਵਨ ਵਿੱਚ ਹਰੇਕ ਸਮੱਸਿਆ ਦਾ ਹੱਲ ਹੈ ਸੋ ਪਰੇਸ਼ਾਨੀ ਆਉਣ ਤੇ ਘਬਰਾਉਣਾ ਨਹੀਂ ਚਾਹੀਦਾ । ਇਸ ਦੌਰਾਨ ਉਨ੍ਹਾਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ । ਜਾਣਕਾਰੀ ਦਿੰਦੇ ਹੋਏ ਲੋਕ ਕਲਿਆਣ ਕੇਂਦਰ ਰਾਮਗੜ੍ਹੀਆ ਸਭਾ (ਰਜਿ) ਕਮੇਟੀ ਦੇ ਪ੍ਰਧਾਨ ਸ੍ਰੀ ਕਰਮ ਸਿੰਘ ਬਬਰਾ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਲੋਕ ਭਲਾਈ ਦੇ ਕੰਮ ਕਰਨਾ ਹੈ । ਉਨ੍ਹਾਂ ਦੱਸਿਆ ਕਿ ਸਭਾ ਦੁਆਰਾ ਗਰੀਬ ਬੱਚਿਆ ਦੀ ਸਹਾਇਤਾ ਜਿਵੇਂ ਆਰਥਿਕ ਪੱਖੋ ਕਮਜੋਰ ਲੋਕਾਂ ਦੇ ਵਿਆਹ,ਪੜ੍ਹਾਈ ਆਦਿ ਸਬੰਧੀ ਮੱਦਦ ਕੀਤੀ ਜਾਦੀ ਹੈ। ਇਸ ਤੋਂ ਇਲਾਵਾ ਆਮ ਵਰਗ ਦੇ ਕੰਮਾਂ ਵਿੱਚੋ ਸਮਾਜਿਕ ਬੁਰਾਈਆ ਦੂਰ ਕਰਨ ਲਈ ਉਪਰਾਲੇ ਕੀਤੇ ਜਾਦੇ ਹਨ । ਉਨ੍ਹਾਂ ਦੱਸਿਆ ਕਿ ਸੈਮੀਨਾਰ ਅਤੇ ਇਕੱਠਾਂ ਰਾਹੀ ਲੋਕਾਂ ਨੂੰ ਸਮਾਜਿਕ ਬੁਰਾਈਆ ਪ੍ਰਤੀ ਸਮੇਂ ਸਮੇਂ ਤੇ ਸੁਚੇਤ ਕੀਤਾ ਜਾਦਾ ਹੈ । ਇਸ ਦੌਰਾਨ ਉਨ੍ਹਾਂ ਆਈ ਹੋਈ ਸੰਗਤ ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਕੁਲਤਾਰ ਸੰਧਵਾ ਦਾ ਧੰਨਵਾਦ ਕੀਤਾ ।ਇਸ ਮੌਕੇ ਐਸ.ਡੀ.ਐਮ ਮੋਹਾਲੀ ਸ੍ਰੀਮਤੀ ਸਰਬਜੀਤ ਕੌਰ, ਸਭਾ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੰਨੜ੍ਹਾ, ਸੀਨੀਅਰ ਮੀਤ ਪ੍ਰਧਾਨ ਨਰਿੰਦਰ ਸਿੰਘ ਸੰਧੂ, ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਸਭਾ ਦੇ ਸਾਰੇ ਮੈਂਬਰ ਵਿਸ਼ੇਸ ਤੌਰ ਤੇ ਹਾਜ਼ਰ ਸਨ ।