ਚੰਡੀਗੜ੍ਹ, 15 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਬਿਨਾਂ ਕਿਸੇ ਦਾ ਨਾਮ ਲਏ ਪੰਜਾਬ ਦੇ ਕੈਬਨਿਟ ਮੰਤਰੀ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਇੱਕ ਮਜਬੂਰ ਪੀੜਤ ਦਾ ਸੋਸ਼ਣ ਕਰ ਕੇ ਨੈਤਿਕ ਗਿਰਾਵਟ ਦਾ ਸਬੂਤ ਦਿੱਤਾ ਹੈ। ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਬਿਕਰਮ ਮਜੀਠੀਆ ਨੇ ਪੈੱਨ ਡਰਾਈਵ ਦਿਖਾਈ। ਮਜੀਠੀਆ ਨੇ ਕਿਹਾ ਕਿ ਉਹ ਇਹ ਪੈੱਨ ਡਰਾਈਵ ਸਿਰਫ਼ ਮੁੱਖ ਮੰਤਰੀ ਨੂੰ ਹੀ ਦਿਖਾਉਣਗੇ। ਜੇਕਰ ਉਹ ਇਸ 'ਤੇ ਕਾਰਵਾਈ ਨਹੀਂ ਕਰਦੇ ਤਾਂ ਇਸ ਬਾਰੇ ਜਾਣਕਾਰੀ ਜਨਤਕ ਕੀਤੀ ਜਾਵੇਗੀ। ਪ੍ਰੈਸ ਕਾਨਫੰਰੰਸ ਦੌਰਾਨ ਮਜੀਠੀਆ ਵੱਲੋਂ ਮੁੱਖ ਮੰਤਰੀ ਮਾਨ ਦੇ ਘਰ ਅਤੇ ਦਫਤਰ ਫੋਨ ਵੀ ਲਗਾਇਆ, ਪਰ ਮੁੱਖ ਮੰਤਰੀ ਨਾਲ ਗੱਲ ਨਾ ਹੋ ਸਕੀ। ਮਜੀਠੀਆ ਨੇ ਕਿਹਾ ਕਿ ਉਹ ਖੁਦ ਇਸ ਪੈਨ ਡਰਾਈਵ ਦੀ ਪੂਰੀ ਵੀਡੀਓ ਨਹੀਂ ਦੇਖ ਸਕੇ, ਇਸ ਲਈ ਉਨ੍ਹਾਂ ਨੇ ਇਸ 'ਤੇ ਕਾਰਵਾਈ ਦੀ ਮੰਗ ਕਰਨ ਲਈ ਹੀ ਮੁੱਖ ਮੰਤਰੀ ਨੂੰ ਭੇਜੀ ਹੈ। ਮਜੀਠੀਆ ਨੇ ਕਿਹਾ ਕਿ ਇਹ ਵੀਡੀਓ ਗੁਪਤ ਤੌਰ 'ਤੇ ਤਿਆਰ ਨਹੀਂ ਕੀਤੀ ਗਈ ਹੈ, ਇਹ ਆਪਣੀ ਮਰਜ਼ੀ ਨਾਲ ਤਿਆਰ ਕੀਤੀ ਗਈ ਹੈ। ਇਸ ਵਿੱਚ ਕੰਮ ਕਰਵਾਉਣ ਲਈ ਕਿਸੇ ਦਾ ਸ਼ੋਸ਼ਣ ਕੀਤਾ ਗਿਆ ਹੈ। ਬਿਕਰਮ ਮਜੀਠੀਆ ਨੇ ਪ੍ਰੈੱਸ ਕਾਨਫਰੰਸ 'ਚ ਇਹ ਵੀਡੀਓ ਉਨ੍ਹਾਂ ਤੱਕ ਕਿਵੇਂ ਪਹੁੰਚੀ ਇਸ ਦੀ ਕਹਾਣੀ ਵੀ ਦੱਸੀ। ਬਿਕਰਮ ਮਜੀਠੀਆ ਨੇ ਕਿਹਾ ਕਿ ਉਹ ਇੱਕ ਪ੍ਰੋਗਰਾਮ ਵਿੱਚ ਸੀ। ਉਦੋਂ ਇਕ ਵਿਅਕਤੀ ਉਸ ਦੇ ਨੇੜੇ ਆਇਆ ਅਤੇ ਉਸ ਨੂੰ ਪੈੱਨ ਡਰਾਈਵ ਫੜਾਉਣ ਲੱਗਾ। ਜਦੋਂ ਉਸ ਨੇ ਬਿਨਾਂ ਦੇਖੇ ਪੈੱਨ-ਡਰਾਈਵ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਕੰਪਿਊਟਰ ਦਾ ਪ੍ਰਬੰਧ ਵੀ ਕਰ ਦਿੱਤਾ। ਉਸ ਨੇ ਇਹ ਵੀਡੀਓ ਉਸ ਵਿਅਕਤੀ ਦੇ ਮੋਬਾਈਲ ਅਤੇ ਕੰਪਿਊਟਰ 'ਤੇ ਦੇਖੀ, ਜਿਸ ਨੇ ਉਸ ਨੂੰ ਪੈੱਨ-ਡ੍ਰਾਈਵ ਦਿੱਤੀ ਸੀ ਪਰ ਕੁਝ ਦੇਰ ਤੱਕ ਦੇਖਣ ਤੋਂ ਬਾਅਦ ਉਸ ਨੇ ਇਸ ਨੂੰ ਬੰਦ ਕਰ ਦਿੱਤਾ। ਉਹ ਇਸ ਨੂੰ ਦੇਖ ਵੀ ਨਹੀਂ ਸਕੇ ਪਰ ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਪੈੱਨ ਡਰਾਈਵ ਮੁੱਖ ਮੰਤਰੀ ਤੱਕ ਪਹੁੰਚੇ ਤੇ ਉਹ ਇਸ 'ਤੇ ਕੋਈ ਕਾਰਵਾਈ ਕਰਨਗੇ। ਇਸ ਮੌਕੇ ਉਨ੍ਹਾਂ ਨੇ ਉਕਤ ਮੰਤਰੀ ਨੂੰ ਪੰਜਾਬ ਵਜ਼ਾਰਤ ਤੋਂ ਬਾਹਰ ਕਰਨ ਦੀ ਮੰਗ ਕੀਤੀ।