ਚੰਡੀਗੜ੍ਹ, 11 ਫਰਵਰੀ : ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੰਦ ਗੁਰਦੀਪ ਸਿੰਘ ਖੇੜਾ ਦੇ ਜੇਲ੍ਹ ਤੋਂ ਪੈਰੋਲ ਆਉਣ ਤੋਂ ਬਾਅਦ ਵੱਡਾ ਬਿਆਨ ਦਿੱਤਾ ਹੈ। ਗੁਰਦੀਪ ਸਿੰਘ ਖੇੜ੍ਹਾ ਨੇ ਕਿਹਾ ਕਿ ਹੁਣ ਸਮਾਂ ਸਿਰ ਦੇਣ ਦਾ ਨਹੀਂ ਹੈ, ਪੜ੍ਹ ਕੇ ਅਫਸਰ ਬਣੋ। ਉਨ੍ਹਾਂ ਕਿਹਾ ਕਿ 1947 ਤੋਂ ਅਸੀਂ ਸਿਰ ਹੀ ਦਿੰਦੇ ਆ ਰਹੇ ਹਾਂ, ਕੀ ਸਾਰੀ ਉਮਰ ਹੀ ਸਿਰ ਦੇਈ ਜਾਣੇ ਆ। ਇਕ ਨਿੱਜੀ ਚੈਨਲ ਉਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਧਰਮ ਦੇ ਅਧਾਰ ਉਤੇ ਕਿਸੇ ਬੰਦੀਆਂ ਦੀ ਰਿਹਾਈ ਕਰਨੀ ਠੀਕ ਨਹੀਂ, ਹੋਰਨਾਂ ਧਰਮਾਂ ਦੇ ਲੋਕ ਜਿੰਨਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਉਨ੍ਹਾਂ ਦੀ ਰਿਹਾਈ ਦੀ ਮੰਗ ਵੀ ਕਰਨੀ ਚਾਹੀਦੀ ਹੈ। ਗੁਰਦੀਪ ਸਿੰਘ ਨੇ ਕਿਹਾ ਕਿ ਸੰਘਰਸ਼ ਦੌਰਾਨ ਹਿੰਸਾ ਕਰਨ ਵਾਲੇ ਸਾਡਾ ਭਲਾ ਨਹੀਂ ਚਾਹੁੰਦੇ, ਹਿੰਸਾ ਨਾਲ ਕੰਮ ਵਿਗੜਦਾ ਹੈ। ਉਨ੍ਹਾਂ ਖਾਲਿਸਤਾਨ ਸਬੰਧੀ ਕਿਹਾ ਕਿ ਖਾਲਿਸਤਾਨ ਲਈ ਸਾਡੀ ਕੋਈ ਲੜਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਨਾਲ ਭੇਦਭਾਵ ਹੁੰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਜੱਥੇਬੰਦੀਆਂ ਆਵਾਜ਼ ਚੁੱਕੀਆਂ ਹਨ, ਲੜਾਈ ਪਰਿਵਾਰ ਲੜਦੇ ਹਨ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਅੰਮ੍ਰਿਤਸਰ ਸਥਿਤ ਪਿੰਡ ਜੱਲੂਪੁਰ ਖਹਿਰਾ ਵਿੱਚ ਰਹਿ ਰਿਹਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਖਹਿਰਾ ਨੂੰ 8 ਹਫ਼ਤਿਆਂ ਲਈ ਪੈਰੋਲ ਦਿੱਤੀ ਗਈ ਹੈ। ਅੱਠ ਸਾਲ ਪਹਿਲਾਂ 2015 ਵਿੱਚ ਉਸ ਨੂੰ ਕਰਨਾਟਕ ਤੋਂ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।ਗੁਰਦੀਪ ਖਹਿਰਾ ਦਾ ਜਨਮ ਅੰਮ੍ਰਿਤਸਰ ਦੇ ਕਸਬਾ ਰਈਆ ਦੇ ਪਿੰਡ ਜੱਲੂਪੁਰ ਖਹਿਰਾ ਵਿੱਚ ਹੋਇਆ ਸੀ। 1984 ਵਿੱਚ ਸਾਕਾ ਨੀਲਾ ਤਾਰਾ ਤੋਂ ਬਾਅਦ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਵਿੱਚ ਸ਼ਾਮਲ ਹੋ ਗਿਆ। ਇਸ ਤੋਂ ਬਾਅਦ ਉਸ ‘ਤੇ 1988-1989 ਵਿੱਚ ਪਹਿਲਾਂ ਦਿੱਲੀ ਅਤੇ ਬਾਅਦ ਵਿੱਚ ਕਰਨਾਟਕ ਦੇ ਬਿਦਰ ਸ਼ਹਿਰ ਵਿੱਚ ਧਮਾਕੇ ਕਰਨ ਦਾ ਇਲਜ਼ਾਮ ਸੀ।ਪੁਲਿਸ ਨੇ ਉਸਨੂੰ 6 ਦਸੰਬਰ 1990 ਨੂੰ ਗ੍ਰਿਫਤਾਰ ਕਰ ਲਿਆ ਸੀ। 15 ਦਸੰਬਰ 1991 ਨੂੰ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਕਰਨਾਟਕ ਵਿੱਚ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਉਥੋਂ ਦੀ ਅਦਾਲਤ ਵੱਲੋਂ ਉਸ ਨੂੰ ਆਖਰੀ ਸਾਹ ਤੱਕ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ। ਦਿੱਲੀ ਵਿੱਚ ਉਮਰ ਕੈਦ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਕਰਨਾਟਕ ਸਰਕਾਰ ਨੇ ਉਸ ਨੂੰ ਆਪਣੇ ਸੂਬੇ ਵਿੱਚ ਤਬਦੀਲ ਕਰ ਦਿੱਤਾ ਸੀ।