ਭਗਵੰਤ ਮਾਨ ਹੁਣ ਭ੍ਰਿਸ਼ਟ ਸਰਾਰੀ ਨੂੰ ਬਚਾਉਣਾ ਬੰਦ ਕਰੇ - ਬਾਜਵਾ


ਚੰਡੀਗੜ੍ਹ :  ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਭ੍ਰਿਸ਼ਟ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਖੱਲ ਬਚਾਉਣ ਲਈ ਕੋਈ ਵੀ ਕੋਸ਼ਿਸ਼ ਕਰਨ ਤੋਂ ਬਾਜ਼ ਆਉਣ। ਬਾਜਵਾ ਨੇ ਕਿਹਾ ਕਿ ਜਿਵੇਂ ਵਿਜੇ ਸਿੰਗਲਾ ਨੂੰ ਮੰਤਰੀ ਮੰਡਲ ਤੋਂ ਬਾਹਰ ਕਰ ਦਿੱਤਾ ਸੀ ਸਰਾਰੀ ਨੂੰ ਵੀ ਬਾਹਰ ਕੀਤਾ ਜਾਵੇ। ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਸਮੇਤ ਪੰਜਾਬ ਭਰ ਵਿੱਚ ਕਾਂਗਰਸ ਪਾਰਟੀ ਦੇ ਸੂਬਾ ਵਿਆਪੀ ਧਰਨਿਆਂ ਦੀ ਅਗਵਾਈ ਕਰਨ ਵਾਲੇ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਕੋਲ ਆਪਣੀ ਕੈਬਨਿਟ ਵਿੱਚੋਂ ਭ੍ਰਿਸ਼ਟ ਸਰਾਰੀ ਨੂੰ ਬਰਖ਼ਾਸਤ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਨ ਹੁਣ ਜਾਣਬੁੱਝ ਕੇ ਇਸ ਮੁੱਦੇ ਨੂੰ ਟਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਆਡੀਓ ਕਲਿੱਪ ਜਿਸ ਵਿੱਚ ਸਰਾਰੀ ਨੂੰ ਆਪਣੇ ਓਐਸਡੀ ਤਰਸੇਮ ਲਾਲ ਕਪੂਰ ਨਾਲ ਅਧਿਕਾਰੀਆਂ ਤੋਂ ਪੈਸੇ ਵਸੂਲਣ ਲਈ ਸੌਦਾ ਤੈਅ ਕਰਦੇ ਸੁਣਿਆ ਗਿਆ ਸੀ, ਉਸ ਮਾਮਲੇ ਨੂੰ ਮਾਮੂਲੀ ਸਮਝਿਆ ਜਾ ਰਿਹਾ ਹੈ। ਭਗਵੰਤ ਮਾਨ ਗਿਰਗਿਟ ਨਾਲੋਂ ਵੀ ਤੇਜ਼ੀ ਨਾਲ ਰੰਗ ਬਦਲ ਰਿਹਾ ਹੈ। ਬਾਜਵਾ ਨੇ ਕਿਹਾ ਕਿ ਭਗਵੰਤ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਉਨ੍ਹਾਂ ਨੇ ਆਪਣੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਹਟਾਇਆ ਸੀ, ਉਸ ਸਮੇਂ ਇੱਕ ਵੀਡੀਓ ਸੰਦੇਸ਼ ਵਿੱਚ ਦਾਅਵਾ ਕੀਤਾ ਸੀ ਕਿ ਉਹ ਠੇਕੇਦਾਰਾਂ ਤੋਂ ਇੱਕ ਪ੍ਰਤੀਸ਼ਤ ਕਮਿਸ਼ਨ ਮੰਗ ਰਿਹਾ ਸੀ। ਉਸ ਸਮੇਂ ਭਗਵੰਤ ਮਾਨ ਨੇ ਉੱਚ ਨੈਤਿਕ ਆਧਾਰ ਤੇ ਫੈਸਲਾ ਲਿਆ ਸੀ ਭਾਵੇਂ ਕਿ ਆਡੀਓ ਕਲਿੱਪ ਕਿਸੇ ਵੀ ਵਿਅਕਤੀ ਖ਼ਾਸ ਕਰਕੇ ਮੀਡੀਆ ਅਤੇ ਵਿਰੋਧੀ ਪਾਰਟੀਆਂ ਦੇ ਧਿਆਨ ਵਿੱਚ ਨਹੀਂ ਸੀ, ਫਿਰ ਵੀ ਮੁੱਖ ਮੰਤਰੀ ਨੇ ਆਪਣੇ ਹੀ ਕੈਬਨਿਟ ਮੰਤਰੀ ਵਿਰੁੱਧ ਸਖ਼ਤ ਕਾਰਵਾਈ ਕਰਕੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਮਿਸਾਲ ਕਾਇਮ ਕੀਤੀ ਸੀ। ਬਾਜਵਾ ਨੇ ਕਿਹਾ ਕਿ ਸਰਾਰੀ ਦੇ ਮਾਮਲੇ 'ਚ ਭਗਵੰਤ ਮਾਨ ਬਿਲਕੁਲ ਵੱਖਰਾ ਸਟੈਂਡ ਲੈ ਰਹੇ ਸਨ। “ਅਸਲ ਵਿੱਚ, ਸਰਾਰੀ ਮਾਮਲੇ ਨੇ ਭਗਵੰਤ ਮਾਨ ਸਰਕਾਰ ਦੇ ਦੋਹਰੇ ਮਾਪਦੰਡਾਂ ਨੂੰ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ। ਪਰ ਅਸੀਂ ਇਸ ਮੁੱਦੇ ਨੂੰ ਉਦੋਂ ਤੱਕ ਸੌਖੀ ਤਰ੍ਹਾਂ ਖਤਮ ਨਹੀਂ ਹੋਣ ਦੇਵਾਂਗੇ ਜਦੋਂ ਤੱਕ ਭਗਵੰਤ ਮਾਨ ਸਰਾਰੀ ਨੂੰ ਆਪਣੀ ਕੈਬਨਿਟ ਤੋਂ ਬਾਹਰ ਨਹੀਂ ਕਰ ਦਿੰਦੇ ਅਤੇ ਸੁਤੰਤਰ ਅਤੇ ਨਿਰਪੱਖ ਜਾਂਚ ਦੇ ਹੁਕਮ ਨਹੀਂ ਦਿੰਦੇ ।