ਸਹਾਇਕ ਪ੍ਰੋਫ਼ੈਸਰ ਨੇ ਕੀਤੀ ਖੁਦਕੁਸ਼ੀ, ਮ੍ਰਿਤਕਾ ਨੇ ਖੁਦਕੁਸ਼ੀ ਨੋਟ 'ਚ ਸਿੱਖਿਆ ਮੰਤਰੀ ਨੂੰ ਠਹਿਰਾਇਆ ਦੋਸ਼ੀ

ਚੰਡੀਗੜ੍ਹ, 21 ਅਕਤੂਬਰ : ਨੌਕਰੀ ਦੀ ਮੰਗ ਨੂੰ ਲੈ ਕੇ ਪਿੰਡ ਗੰਭੀਰਪੁਰ ਵਿਖੇ ਮੋਰਚਾ ਲਾਈ ਬੈਠੇ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਦੀ ਸਹਾਇਕ ਲੇਡੀ ਪ੍ਰੋਫ਼ੈਸਰ ਬਲਵਿੰਦਰ ਕੌਰ ਦੇ ਵਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਵੱਲੋਂ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਦੋਸ਼ ਲਾਇਆ ਹੈ ਕਿ, ਅੱਜ ਸਾਡੇ 1158 ਫਰੰਟ ਲਈ ਬਹੁਤ ਹੀ ਮੰਦਭਾਗਾ ਦਿਨ ਹੈ। ਸਾਡੇ ਇੱਕ ਸਾਥੀ ਬਲਵਿੰਦਰ ਕੌਰ ਨੇ ਨੌਕਰੀ ਨਾ ਮਿਲਣ ਤੋਂ ਤੰਗ ਹੋ ਕੇ Depression ਦਾ ਸ਼ਿਕਾਰ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਪ੍ਰੋਫੈਸਰ ਬਲਵਿੰਦਰ ਕੌਰ ਵੱਲੋਂ ਇੱਕ ਖੁਦਕੁਸ਼ੀ ਨੋਟ ਮਿਲਿਆ ਹੈ, ਜਿਸ ਵਿੱਚ ਉਨਹਾਂ ਨੇ ਆਪਣੀ ਮੌਤ ਦਾ ਜਿੰਮੇਵਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਠਹਿਰਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਖੁਦਕਸ਼ੀ ਨੋਟ ਵਿੱਚ ਆਪਣੇ ਪਰਿਵਾਰ ਨੂੰ ਬੇਕਸ਼ੂਰ ਦੱਸਿਆ ਹੈ ਅਤੇ ਪੁਲਿਸ ਨੂੰ ਪਰਿਵਾਰ ਨੂੰ ਤੰਗ ਨਾ ਕਰਨ ਦੀ ਬੇਨਤੀ ਕੀਤੀ ਹੈ।

ਸਿੱਖਿਆ ਮੰਤਰੀ ਬੈਂਸ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ ਜਾਵੇ : ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਜਾਵੇ ਕਿਉਂਕਿ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਫਰੰਟ ਦੀ ਮੈਂਬਰ ਨੇ ਖੁਦਕੁਸ਼ੀ ਕਰਦਿਆਂ ਨੋਟ ਵਿਚ ਉਹਨਾਂ ਦਾ ਨਾਂ ਸਪਸ਼ਟ ਤੌਰ ’ਤੇ ਲਿਖਿਆ ਹੈ ਤੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਮੀਦਵਾਰ ਪਿਛਲੇ ਦੋ ਸਾਲਾਂ ਤੋਂ ਡਿਪਰੈਸ਼ਨ ਵਿਚ ਸੀ ਕਿਉਂਕਿ ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ਪ੍ਰਕਿਰਿਆ ਰੱਦ ਕਰ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਉਮੀਦਵਾਰ ਨੇ ਸਿੱਖਿਆ ਮੰਤਰੀ ਦੇ ਹੱਥ ਕਾਫੀ ਤਸੀਹੇ ਝੱਲੇ ਕਿਉਂਕਿ ਮੰਤਰੀ ਵਾਰ-ਵਾਰ ਇਨਸਾਫ ਹਾਸਲ ਕਰਨ ਲਈ ਉਮੀਦਵਾਰਾਂ ਵੱਲੋਂ ਬਣਾਏ ਫਰੰਟ ਦੀ ਝਾੜ ਝੰਬ ਕਰ ਰਿਹਾ ਸੀ। ਉਹਨਾਂ ਕਿਹਾ ਕਿ ਫਰੰਟ ਦੇ ਮੈਂਬਰਾਂ ਵੱਲੋਂ ਮੰਤਰੀ ਦੇ ਘਰ ਮੂਹਰੇ ਲਗਾਤਾਰ ਧਰਨਾ ਦੇਣ ਦੇ ਬਾਵਜੂਦ ਮੰਤਰੀ ਉਹਨਾਂ ਦੇ ਮਾਮਲੇ ਦੀ ਪਰਵਾਹ ਨਹੀਂ ਕਰ ਰਿਹਾ ਸੀ। ਉਹਨਾਂ ਕਿਹਾ ਕਿ ਹੁਣ ਹੋਰ ਕਾਰਨ ਦੱਸ ਕੇ ਸ੍ਰੀ ਬੈਂਸ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਜੋ ਕਿ ਬਹੁਤ ਹੀ ਨਿੰਦਣਯੋਗ ਹਨ। ਮਜੀਠੀਆ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਦੇ ਮਸਲੇ ਨੂੰ ਹੱਲ ਕਰਨ ਵਿਚ ਨਾਕਾਮ ਰਹਿਣ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ 607 ਉਮੀਦਵਾਰਾਂ ਦੀ ਜੁਆਇਨਿੰਗ ਕਰਵਾਉਣ ਦੇ ਬਾਵਜੂਦ ਸਾਰੀ ਭਰਤੀ ਰੱਦ ਕੀਤੀ ਗਈ। ਉਹਨਾਂ ਦੱਸਿਆ ਕਿ ਫਰੰਟ ਨੇ ਇਹ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਨਾ ਤਾਂ ਅਦਾਲਤ ਵਿਚ ਉਹਨਾਂ ਦੀ ਸਹੀ ਤਰੀਕੇ ਪ੍ਰਤੀਨਿਧਤਾ ਕਰ ਰਹੀ ਹੈ ਤੇ ਨਾ ਹੀ ਮਸਲੇ ਨੂੰ ਹੱਲ ਕਰਵਾਉਣ ਵਾਸਤੇ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਉਮੀਦਵਾਰਾਂ ਨੂੰ ਕਿਸੇ ਹੋਰ ਤਰੀਕੇ ਐਡਜਸਟ ਕਰਨ ਦਾ ਕੋਈ ਯਤਨ ਹੀ ਨਹੀਂ ਕੀਤਾ ਗਿਆ ਜਿਸ ਕਾਰਨ ਮਜਬੂਰ ਹੋ ਕੇ ਪ੍ਰੋਫੈਸਰ ਨੇ ਅੱਜ ਖੁਦਕੁਸ਼ੀ ਕੀਤੀ ਹੈ।ਅਕਾਲੀ ਆਗੂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਿਸ਼ ਕਰਨ।

01