ਚੰਡੀਗੜ੍ਹ, 09 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਪੁਤਨੀ ਅਤੇ ਬਠਿੰਡਾ ਤੋਂ ਲਗਾਤਾਰ ਚੌਥੀ ਜਿੱਤ ਦਰਜ ਕਰਨ ਵਾਲੇ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਕ ਆਪਣੇ ਬਿਆਨ ਵਿੱਚ ਸਪੱਸ਼ਟ ਕੀਤਾ ਕਿ ਅਕਾਲੀ ਦਲ ਨਾ ਤਾਂ ਐਨਡੀਏ ਅਤੇ ਨਾ ਹੀ ਆਈਐਨਡੀਆਈਏ ‘ਚ ਸ਼ਾਮਲ ਹੋਵੇਗਾ, ਕਿਉਂ ਜੇਕਰ ਗਠਜੋੜ ਹੋਣਾ ਹੁੰਦਾ ਤਾਂ ਚੋਣਾਂ ਤੋਂ ਪਹਿਲਾਂ ਹੋ ਜਾਂਦਾ, ਇਸ ਨਾਲ ਜਿੱਥੇ ਚੋਣ ਜਿੱਤਣੀ ਵੀ ਸੌਂਖੀ ਹੋ ਜਾਣੀ ਸੀ ਅਤੇ ਅਕਾਲੀ ਦਲ ਨੂੰ ਸੀਟਾਂ ਵੀ ਵੱਧ ਮਿਲਣ ਜਾਣਗੀਆਂ ਸਨ। ਕੰਗਨਾ ਰਣੌਤ ਮਾਮਲੇ ’ਤੇ ਹਰਸਿਮਰਤ ਨੇ ਕਿਹਾ ਕਿ ਉਹ ਕੰਗਨਾ ਨੂੰ ਅਪੀਲ ਕਰਨਗੇ ਕਿ ਉਹ ਆਪਣੀ ਜ਼ੁਬਾਨ ’ਤੇ ਕਾਬੂ ਰੱਖਣ। ਜੋ ਘਟਨਾ ਹੋਈ ਹੈ, ਉਹ ਇਸ ਲਈ ਹੋਈ ਕਿਉਂਕਿ ਉਨ੍ਹਾਂ ਨੇ ਪੰਜਾਬ ਦੀਆਂ ਮਾਤਾਵਾਂ ਨੂੰ ਟਕੇ-ਟਕੇ ਵਿਚ ਵਿਕਣ ਵਾਲੀਆਂ ਦੱਸਿਆ ਸੀ। ਉਨ੍ਹਾਂ ਨੇ ਚੋਟ ਮਾਰੀ ਸੀ, ਉਸ ਦਾ ਉਨ੍ਹਾਂ ਨੂੰ ਫਲ ਭੁਗਤਣਾ ਪਿਆ। ਇਸ ਵਾਰ ਲੋਕ ਸਭਾ ਚੋਣਾਂ ਵਿਚ ਗਰਮ ਖਿਆਲੀਆਂ ਦੇ ਜਿੱਤਣ ’ਤੇ ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜੇ ਵਾਲੀ ਸਰਕਾਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਸਿੱਖਾਂ ਨੇ ਉਸੇ ਹਫਤੇ ’ਚ ਪੰਜੇ ਦਾ ਬਟਨ ਦਬਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਸਿੱਖਾਂ ਦੀ ਕਾਤਲ ਕੌਮ ਨੂੰ ਹੀ ਜਿਤਾ ਦਿੱਤਾ। ਇਸ ਬਾਰੇ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦੀ। ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲਵੇ ਨਾਲ ਜੋੜਨ ਦੇ ਪ੍ਰਾਜੈਕਟ ਬਾਰੇ ਬੀਬੀ ਬਾਦਲ ਨੇ ਕਿਹਾ ਕਿ ਇਸ ਵਾਰ ਦੀ ਸਰਕਾਰ ਵਿਚ ਜ਼ਿਆਦਾ ਮੰਤਰੀ ਚੰਦਰ ਬਾਬੂ ਨਾਇਡੂ ਤੇ ਨਿਤੀਸ਼ ਕੁਮਾਰ ਦੇ ਬਣਨਗੇ। ਉਨ੍ਹਾਂ ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ। ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਇਸ ਵਾਰ ਤਖ਼ਤ ਸਾਹਿਬ ਨੂੰ ਰੇਲਵੇ ਨਾਲ ਜੋੜ ਦਿੱਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਸਾਡੇ ਧਾਰਮਿਕ ਅਸਥਾਨਾਂ ’ਤੇ ਕੇਂਦਰ ਨੇ ਕਬਜ਼ੇ ਕਰ ਕੇ ਆਰਐੱਸਐੱਸ ਦੇ ਲੋਕ ਬਿਠਾਏ ਹੋਏ ਹਨ, ਉਨ੍ਹਾਂ ਨੂੰ ਕਬਜ਼ਾ-ਮੁਕਤ ਕਰਵਾਇਆ ਜਾਵੇਗਾ। ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਦੀ ਸਿਆਸਤ ਵਿਚ ਕੋਈ ਦਿਲਚਸਪੀ ਨਹੀਂ ਹੈ। ਉਹ ਤਾਂ ਖੁਦ ਮੈਨੂੰ ਕਹਿੰਦੇ ਹਨ ਕਿ ਤੁਸੀਂ ਇਹ ਸਭ ਕਿਵੇਂ ਕਰ ਲੈਂਦੇ ਹੋ। ਉਨ੍ਹਾਂ ਦੀ ਤੀਜੀ ਪੀੜ੍ਹੀ ਸਿਆਸਤ ਵਿਚ ਕਦੇ ਨਹੀਂ ਆਵੇਗੀ।