- ਦੋਵੇਂ ਪਾਰਟੀਆਂ ਰਲ ਬੈਠ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ: ਡਾ. ਦਲਜੀਤ ਸਿੰਘ ਚੀਮਾ
ਚੰਡੀਗੜ੍ਹ, 29 ਅਕਤੂਬਰ 2024 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਕਿਸਾਨਾਂ ਦੀ ਪੰਜਾਬ ਵਿਚ ਮੌਜੂਦਾ ਦੁਰਦਸ਼ਾ ਲਈ ਬਰਾਬਰ ਦੇ ਜ਼ਿੰਮੇਵਾਰ ਹਨ ਕਿਉਂਕਿ ਝੋਨੇ ਦੀ ਫਸਲ ਦੀ ਸਮੇਂ ਸਿਰ ਸਹੀ ਤਰੀਕੇ ਖਰੀਦ ਨਹੀਂ ਹੋਈ ਤੇ ਕਿਸਾਨ ਐਮ ਐਸ ਪੀ ਤੋਂ ਘੱਟ ਰੇਟ ’ਤੇ ਜਿਣਸ ਵੇਚਣ ਲਈ ਮਜਬੂਰ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ ਸੂਬੇ ਵਿਚ ਕਿਸਾਨਾਂ ਦੀ ਮੌਜੂਦਾ ਦੁਰਦਸ਼ਾ ਲਈ ਬਰਾਬਰ ਦੀਆਂ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਜੇਕਰ ਦੋਵਾਂ ਪਾਰਟੀਆਂ ਨੇ ਰਲ ਕੇ ਸਮੇਂ ਸਿਰ ਬਰਾਬਰ ਦੀ ਜ਼ਿੰਮੇਵਾਰੀ ਸੰਭਾਲੀ ਹੁੰਦੀ ਤਾਂ ਮੌਜੂਦਾ ਖੇਤੀਬਾੜੀ ਸੰਕਟ ਟਾਲਿਆ ਜਾ ਸਕਦਾ ਸੀ। ਉਹਨਾਂ ਨਾਲ ਹੀ ਕਿਹਾ ਕਿ ਦੋਵੇਂ ਪਾਰਟੀਆਂ ਇਕ ਦੂਜੇ ਨਾਲ ਰਲੀਆਂ ਹੋਈਆਂ ਹਨ ਤੇ ਉਹ ਤਿੰਨ ਖੇਤੀ ਕਾਨੂੰਨਾਂ ਖਿਲਾਫ ਚੱਲੇ ਕਿਸਾਨ ਅੰਦੋਲਨ ਦਾ ਕਿਸਾਨਾਂ ਤੋਂ ਬਦਲਾ ਲੈ ਰਹੀਆਂ ਹਨ। ਡਾ. ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਤਰਸਯੋਗ ਗੱਲ ਹੈ ਕਿ ਬਜਾਏ ਸੰਕਟ ਨੂੰ ਹੱਲ ਕਰਨ ਦੇ ਦੋਵੇਂ ਆਪ ਤੇ ਭਾਜਪਾ ਇਕ ਦੂਜੇ ਖਿਲਾਫ ਪ੍ਰੈਸ ਕਾਨਫਰੰਸਾਂ ਕਰ ਕੇ ਘਟੀਆ ਰਾਜਨੀਤੀ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਪ੍ਰੈਸ ਕਾਨਫਰੰਸਾਂ ਤਮਾਸ਼ੇ ਤੋਂ ਇਲਾਵਾ ਹੋਰ ਕੁਝ ਨਹੀਂ ਹਨ। ਉਹਨਾਂ ਕਿਹਾ ਕਿ ਇਸ ਤਰੀਕੇ ਦੇ ਤਮਾਸ਼ਿਆਂ ਨਾਲ ਮੰਡੀਆਂ ਵਿਚ ਰੁਲ ਰਹੇ ਕਿਸਾਨਾਂ ਦੀਆਂ ਤਕਲੀਫਾਂ ਘੱਟ ਹੋਣ ਵਾਲੀਆਂ ਨਹੀਂ ਹਨ ਤੇ ਉਹਨਾਂ ਨੂੰ ਐਮ ਐਸ ਪੀ ਨਾਲੋਂ ਘੱਟ ਰੇਟ ’ਤੇ ਆਪਣੀ ਜਿਣਸ ਵੇਚਣੀ ਪੈ ਰਹੀ ਹੈ। ਡਾ. ਚੀਮਾ ਨੇ ਦੋਵਾਂ ਪਾਰਟੀਆਂ ਨੂੰ ਆਖਿਆ ਕਿ ਉਹ ਰਲ ਮਿਲ ਕੇ ਬੈਠਣ ਅਤੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲ ਹੱਲ ਕਰਨ। ਉਹਨਾਂ ਕਿਹਾ ਕਿ ਝੋਨੇ ਦੀ ਖਰੀਦ ਯਕੀਨੀ ਬਣਾਉਣ ਦੇ ਨਾਲ-ਨਾਲ ਬਾਸਮਤੀ ਦਾ ਵੀ ਢੁਕਵਾਂ ਰੇਟ ਦੁਆਇਆ ਜਾਵੇ ਤੇ ਸੂਬੇ ਵਿਚ ਪਿਛਲੇ ਸਾਲ ਦੇ ਪਏ ਝੋਨੇ ਦੇ ਸਟਾਕ ਨੂੰ ਚੁੱਕਿਆ ਜਾਵੇ ਤੇ ਆਉਂਦੇ ਕਣਕ ਦੇ ਸੀਜ਼ਨ ਵਾਸਤੇ ਕਿਸਾਨਾਂ ਨੂੰ ਡੀ ਏ ਪੀ ਦੀ ਢੁਕਵੀਂ ਸਪਲਾਈ ਦੇ ਪ੍ਰਬੰਧ ਮੁਕੰਮਲ ਕੀਤੇ ਜਾਣ।