ਸੁਨਾਮ, 15 ਮਾਰਚ : ਸੁਨਾਮ - ਬਠਿੰਡਾ ਰੋਡ ਤੇ ਪਿੰਡ ਬੀਰ ਕਲਾਂ ਦੇ ਨਜ਼ਦੀਕ ਦੋ ਕਾਰਾਂ ਵਿੱਚ ਹੋਈ ਸਿੱਧੀ ਟੱਕਰ ‘ਚ 4 ਲੋਕਾਂ ਦੀ ਮੌਤ ਅਤੇ 4 ਦੇ ਗੰਭੀਰ ਜਖ਼ਮੀ ਹੋਣ ਦੀ ਦੁੱਖਦਾਈ ਖ਼ਬਰ ਹੈ। ਇਸ ਹਾਦਸੇ ਸਬੰਧੀ ਪੀੜਤਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਿਰਸਾ ਵਾਸੀ ਜੋ ਮੋਹਾਲੀ ਦੇ ਫੋਰਟਿਸ ਹਸਪਤਾਲ ਤੋਂ ਇਲਾਜ ਕਰਵਾ ਕੇ ਵਾਪਸ ਪਰਤ ਰਹੇ ਸਨ, ਜਦੋਂ ਕਿ ਦੂਸਰੀ ਗੱਡੀ ਵਾਲੇ ਪਿੰਡ ਮਾੜੀ (ਬਠਿੰਡਾ) ਤੋਂ ਪਟਿਆਲਾ ਵਿਖੇ ਅੱਖਾਂ ਦਾ ਇਲਾਜ ਕਰਵਾਉਣ ਲਈ ਜਾ ਰਹੇ ਲੋਕਾਂ ਦੀ ਕਾਰ ਨਾਲ ਟੱਕਰ ਹੋ ਗਈ।ਇਸ ਸਬੰਧ ਐਸ.ਐਚ.ਓ ਲਖਵੀਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ‘ਚ 2 ਬਜ਼ੁਰਗਾਂ ਦੀ ਮੌਤ ਮੌਕੇ ਤੇ ਹੋ ਗਈ, ਜਦੋਂ ਕਿ ਜਖ਼ਮੀ ਨੌਜਵਾਨ ਦੀ ਸੁਨਾਮ ਵਿਖੇ ਜੇਰੇ ਇਲਾਜ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ 5 ਜਖ਼ਮੀਆਂ ਨੂੰ ਸੁਨਾਮ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ, ਪਰ ਹਾਲਤ ਜਿਆਦਾ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ, ਜਿੰਨ੍ਹਾਂ ਵਿੱਚੋਂ ਇੱਕ ਬਜ਼ੁਰਗ ਨੇ ਪਟਿਆਲਾ ਵਿਖੇ ਦਮ ਤੋੜ ਦਿੱਤਾ ਤੇ ਚਾਰ ਗੰਭੀਰ ਜਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।ਐਸ.ਐਚ.ਓ ਲਖਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਸੁਰਜੀਤ ਕੌਰ, ਸਰਬਜੀਤ ਕੌਰ, ਹਰਿੰਦਰ ਸਿੰਘ, ਹਰਵਿੰਦਰ ਸਿੰਘ ਵਜੋਂ ਹੋਈ ਹੈ।ਜਖ਼ਮੀਆਂ ਦੇ ਨਾਮ ਅਮਨਦੀਪ ਸਿੰਘ ਬਠਿੰਡਾ, ਰਣਜੀਤ ਕੌਰ, ਮਨਪ੍ਰੀਤ ਸਿੰਘ, ਸਚਦੀਪ ਸਿੰਘ ਹਨ, ਜਿੰਨ੍ਹਾਂ ਦਾ ਪਟਿਆਲਾ ਵਿਖੇ ਇਲਾਜ ਚੱਲ ਰਿਹਾ ਹੈ।