ਚੰਡੀਗੜ੍ਹ, 28 ਜਨਵਰੀ : ਸੂਬੇ ਦੇ ਵੱਖ ਵੱਖ ਜਿਲਿ੍ਹਆ ਵਿੱਚ ਵਾਪਰੇ ਸੜਕ ਹਾਦਸਿਆਂ ਵਿੱਚ 3 ਮੌਤਾਂ ਅਤੇ ਕਈ ਦੇ ਜਖ਼ਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਥਾਣਾ ਕੰਬੋ ਦੇ ਇਲਾਕੇ ਵਿੱਚ ਇੱਕ ਬਾਪ ਕਾਰ ਤੇ ਸਵਾਰ ਹੋ ਕੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ ਕਿ ਉਨ੍ਹਾਂ ਦੀ ਕਾਰ ਨੂੰ ਇੱਕ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਚਾਲਕ ਹਰਦੀਪ ਸਿੰਘ (27) ਦੀ ਮੌਤ ਹੋ ਗਈ ਅਤੇ ਦੋਵੇਂ ਬੱਚੇ ਜਖ਼ਮੀ ਹੋ ਗਏ। ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮ੍ਰਿਤਕ ਹਰਦੀਪ ਸਿੰਘ ਦੇ ਪਿਤਾ ਮਲੂਕ ਸਿੰਘ ਵਾਸੀ ਪਿੰਡ ਬੱਲ ਖੁਰਦ ਨੇ ਦੱਸਿਆ ਕਿ ਉਸਦਾ ਛੋਟਾ ਪੁੱਤਰ ਆਪਣੇ ਬੱਚਿਆਂ ਨੂੰ ਕਾਰ ਤੇ ਸਵਾਰ ਹੋ ਸਕੂਲ ਛੱਡਣ ਜਾ ਰਿਹਾ ਸੀ, ਤੇ ਉਨ੍ਹਾਂ ਦੀ ਕਾਰ ਨੂੰ ਇੱਕ ਤੇਜ਼ ਰਫਤਾਰ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਦਸੇ ਲੜਕਾ ਹਰਦੀਪ ਸਿੰਘ, ਪੋਤਰੇ ਨਿਰਵੈਰ ਸਿੰਘ ਤੇ ਜਸਕਰਨ ਸਿੰਘ ਗੰਭੀਰ ਜਖ਼ਮੀ ਹੋ ਗਏ। ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਦੇ ਪੁੱਤਰ ਹਰਦੀਪ ਸਿੰਘ ਮ੍ਰਿਤਕ ਐਲਾਨ ਦਿੱਤਾ। ਬੱਚਿਆਂ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਅੱਗੇ ਰੈਫਰ ਕਰ ਦਿੱਤਾ ਹੈ। ਮ੍ਰਿਤਕ ਦੇ ਪਿਤਾ ਮਲੂਕ ਸਿੰਘ ਨੇ ਦੱਸਿਆ ਕਿ ਜਿਸ ਕਾਰਨ ਨੇ ਉਨ੍ਹਾਂ ਦੇ ਪੁੱਤ ਦੀ ਗੱਡੀ ਨੂੰ ਟੱਕਰ ਮਾਰੀ ਉਸਤੇ ਆਨੰਦ ਲਿਖਿਆ ਹੋਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰਦਿੱਤੀ ਹੈ। ਦੂਸਰੀ ਘਟਨਾਂ ਡੇਰਾ ਬਾਬਾ ਨਾਨਕ ਦੇ ਪਿੰਡ ਕੋਹਾਲੀ ਦੇ ਇੱਕ ਨੌਜਵਾਨ ਦੀ ਇੱਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਡਰੇਨ ਵਿੱਚ ਗੱਡੀ ਪਲਟਣ ਕਾਰਨ ਇੱਕ ਨੌਜਵਾਨ ਦੀ ਮੌਤ ਅਤੇ 4 ਦੇ ਜਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਸ਼ਮਸ਼ੇਰ ਸਿੰਘ (22) ਵਜੋਂ ਹੋਈ ਹੈ। ਮ੍ਰਿਤਕ ਹਾਲੇ ਕੁਆਰਾ ਸੀ। ਪਤਾ ਲੱਗਾ ਹੈ ਕਿ ਸ਼ਮਸ਼ੇਰ ਸਿੰਘ ਦੇ ਚਾਚੇ ਦੇ ਪੁੱਤ ਦਾ ਵਿਆਹ ਸੀ, ਜਿਸ ਕਾਰਨ ਉਹ ਆਪਣੇ ਕੁੱਝ ਦੋਸਤਾਂ ਨਾਲ ਪਿੰਡ ਮਾਹਲ ਵਿਖੇ ਕੋਈ ਕੰਮ ਗਿਆ ਸੀ, ਜਦੋਂ ਉਹ ਵਾਪਸ ਆ ਰਹੇ ਸਨ ਤਾਂ ਇਹ ਹਾਦਸਾ ਵਾਪਰ ਗਿਆ ਅਤੇ ਉਨ੍ਹਾਂ ਦੀ ਗੱਡੀ ਪੁਲ ਤੋਂ ਹੇਠਾਂ ਖੇਤਾਂ ਵਿੱਚ ਡਿੱਗ ਕੇ ਪਲਟ ਗਈ ਅਤੇ ਸ਼ਮਸ਼ੇਰ ਸਿੰਘ ਦੀ ਮੌਤ ਹੋ ਗਈ ਤੇ ਉਸਦੇ ਦੋਸਤ ਜਖ਼ਮੀ ਹੋ ਗਏ। ਨੌਜਵਾਨ ਦੀ ਮੌਤ ਕਾਰਨ ਵਿਆਹ ਵਾਲੇ ਘਰ ਵਿੱਚ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਹਾਦਸੇ ਦੀ ਤੀਸਰੀ ਘਟਨਾਂ ਮੋਗਾ ‘ਚ ਵਾਪਰੀ ਜਿੱਥੇ ਕਾਰ ਅਤੇ ਮੋਟਰਸਾਈਕਲ ਦੀ ਹੋਈ ਟੱਕਰ ‘ਚ ਇੱਕ ਦੀ ਮੌਤ ਅਤੇ ਪਤੀ ਪਤਨੀ ਜਖ਼ਮੀ ਹੋ ਗਏ। ਜਿੰਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਕਾਰ ਚਾਲਕ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਹਨ। ਇਸ ਘਟਨਾਂ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਤਿੰਨੋ ਪਿੰਡ ਮਹਿਣਾ ਤੋਂ ਕਿਸੇ ਕਿਸਾਨ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ ਲਈ ਰੋਜ਼ਾਨਾ ਆਉਂਦੇ ਸਨ, ਅੱਜ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ, ਟੱਕਰ ਐਨੀ ਜਬਰਦਸਤ ਸੀ ਕਿ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜਿਸ ਵਿੱਚ ਲਖਬੀਰ ਕੌਰ (22) ਦੀ ਮੌਤ ਹੋ ਗਈ ਅਤੇ ਪਤੀ ਪਤਨੀ ਗੰਭੀਰ ਜਖ਼ਮੀ ਹੋ ਗਏ।