- ਅਗਵਾਕਾਰਾਂ ਨੇ ਅਮਰੀਕਾ ਵਿੱਚ ਉਸਦੇ ਕੋਲ ਕੰਮ ਕੀਤਾ ਸੀ ਅਤੇ ਉਨ੍ਹਾਂ ਨੇ ਉਸਨੂੰ ਲੁੱਟਣ ਦੇ ਬਹਾਨੇ ਇਹ ਸਾਰਾ ਸਵਾਂਗ ਰਚਿਆ : ਪੀੜਤ ਵਪਾਰੀ
- 20 ਕਰੋੜ ਦੀ ਫਿਰੌਤੀ ਦੀ ਮੰਗ ਮਾਮਲਾ ਸ਼ੁਰੂ ਹੋਇਆ ਅਤੇ ਅੰਤ ਵਿੱਚ 12 ਲੱਖ ਡਾਲਰਾਂ ਉੱਤੇ ਆਕੇ ਦੋਵਾਂ ਧਿਰਾਂ ਦੀ ਸਹਿਮਤੀ ਬਣੀ : ਐੱਸ.ਐੱਸ.ਪੀ
ਫਾਜਿਲਕਾ, 05 ਸਤੰਬਰ : ਪੰਜਾਬ ਦੇ ਹਲਾਤ ਸੁਧਰਨ ਦੀ ਬਜਾਏ ਦਿਨੋ ਦਿਨ ਵਿਗੜਦੇ ਹੀ ਜਾ ਰਹੇ ਹਨ, ਪਹਿਲਾਂ ਨਸ਼ਿਆਂ ਗ੍ਰਿਫਤ ‘ਚ ਫਸਿਆਂ ਵੱਲੋਂ ਛੋਟੀਆਂ ਮੋਟੀਆਂ ਚੋਰੀਆਂ-ਲੁੱਟਾਂ ਖੋਹਾਂ ਕਰਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਸਨ, ਹੁਣ ਰੋਜਾਨਾ ਹੀ ਕਤਲ ਕਰ ਦੇਣ ਤੋਂ ਇਲਾਵਾ ਲੋਕਾਂ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ। ਇਹੋ ਜਿਹੀ ਇੱਕ ਤਾਜਾ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ, ਜਿੱਥੇ ਅਗਵਾਕਾਰਾਂ ਵੱਲੋਂ ਇੱਕ ਨਾਮੀ ਵਪਾਰੀ ਨੂੰ ਅਗਵਾ ਕਰਲਿਆ ਅਤੇ ਉਸਨੂੰ ਛੱਡਣ ਦੇ ਬਦਲੇ 24 ਲੱਖ ਡਾਲਰਾਂ ਦੀ ਫਿਰੌਤੀ ਦੀ ਮੰਗ ਕੀਤੀ ਗਈ, ਜਿਸ ਦੀ ਭਾਰਤ ਵਿੱਚ ਕੁੱਲ ਰਕਮ 20 ਕਰੋੜ ਰੁਪਏ ਬਣਦੀ ਹੈ। ਜਦੋਂ ਇਸ ਵਾਰਦਾਤ ਬਾਰੇ ਪੁਲਿਸ ਨੂੰ ਲੱਗਾ ਤਾਂ ਉਨ੍ਹਾਂ ਨੇ ਆਪਣੀ ਸਮਝਦਾਰੀ ਤੋਂ ਕੰਮ ਲੈਦਿਆਂ ਕਥਿਤ ਦੋਸ਼ੀਆਂ ਕਾਬੂ ਕਰਲਿਆ ਅਤੇ ਵਪਾਰੀ ਨੁੰ ਉਨ੍ਹਾਂ ਤੋਂ ਛੁਡਵਾ ਦਿੱਤਾ। ਪੀੜਤ ਵਪਾਰੀ ਦਾ ਕਹਿਣਾ ਕਿ ਅਗਵਾਕਾਰਾਂ ਨੇ ਅਮਰੀਕਾ ਵਿੱਚ ਉਸਦੇ ਕੋਲ ਕੰਮ ਕੀਤਾ ਸੀ ਅਤੇ ਉਨ੍ਹਾਂ ਨੇ ਉਸਨੂੰ ਲੁੱਟਣ ਦੇ ਬਹਾਨੇ ਇਹ ਸਾਰਾ ਸਵਾਂਗ ਰਚਿਆ। ਵਪਾਰੀ ਨਛੱਤਰ ਸਿੰਘ ਨੇ ਕਿਹਾ, "ਇਹ ਲੜਕੀ ਰਮਨ ਸੋਹੀ ਅਤੇ ਉਸਦਾ ਘਰਵਾਲਾ ਦਵਿੰਦਰ ਸੋਹੀ ਨੇ ਕਰੀਬ 8 ਸਾਲ ਅਮਰੀਕਾ ਵਿੱਚ ਮੇਰੇ ਸਟੋਰਾਂ 'ਤੇ ਕੰਮ ਕੀਤਾ। ਇਨ੍ਹਾਂ ਨੂੰ ਪਤਾ ਸੀ ਵੀ ਮੇਰਾ ਕਾਰੋਬਾਰ ਠੀਕ ਹੈ ਅਤੇ ਇਨ੍ਹਾਂ ਮੈਨੂੰ ਪੈਸਿਆਂ ਦੇ ਲਾਲਚ ਵਿੱਚ ਗ੍ਰਿਫ਼ਤਾਰ ਕੀਤਾ।" ਉੱਥੇ ਹੀ ਗ੍ਰਿਫ਼ਤਾਰ ਕੀਤੇ ਮੁਲਜ਼ਮ ਦਾ ਇਹ ਇਲਜ਼ਾਮ ਹੈ ਕਿ ਉਨ੍ਹਾਂ ਵਪਾਰੀ ਨਾਲ ਬਦਲਾ ਲੈਣ ਲਈ ਉਸਨੂੰ ਅਗਵਾ ਕੀਤਾ ਸੀ ਕਿਉਂਕਿ ਉਹ ਉਸਦੀ ਭਰਜਾਈ ਨੂੰ ਬਹਾਨੇ ਸਿਰ ਛੇੜਿਆ ਕਰਦਾ ਸੀ। ਮੁਲਜ਼ਮ ਦਿਓਰ ਨੇ ਕਿਹਾ, "ਅਸੀਂ ਆਪਣਾ ਬਦਲਾ ਲਿਆ ਹੈ, ਇਹ ਵਪਾਰੀ ਉੱਥੇ ਮੇਰੀ ਭਰਜਾਈ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਕਿਉਂਕਿ ਮੇਰਾ ਭਰਾ ਅਤੇ ਭਰਜਾਈ ਕੱਚੇ ਸਨ।" ਪੁਲਿਸ ਗ੍ਰਿਫ਼ਤ 'ਚ ਮੁਲਜ਼ਮ ਭਰਜਾਈ ਨੇ ਕਿਹਾ, "ਹਾਂਜੀ! ਇਹ ਉੱਥੇ ਮੇਰੇ ਨਾਲ ਧਕਾ ਕਰਦਾ ਸੀ, ਜਾਂ ਬੁੱਝ ਕੇ ਛੁੱਟੀ ਦੇ ਸਮੇਂ ਮੈਨੂੰ ਡਿਨਰ ਕਰਨ ਦੇ ਬਹਾਨੇ ਧੱਕੇ ਨਾਲ ਲੈ ਜਾਇਆ ਕਰਦਾ ਸੀ।" ਮਾਮਲੇ ਦੀ ਜਾਂਚ ਕਰ ਰਹੇ ਐੱਸ.ਐੱਸ.ਪੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਇਸ ਮਾਮਲੇ 'ਚ ਵਪਾਰੀ ਨੂੰ ਹਨੀ ਟਰੈਪ ਵੀ ਕੀਤਾ ਗਿਆ ਸੀ। ਉਨ੍ਹਾਂ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ, "ਪਹਿਲਾਂ ਤਾਂ ਮੁਲਜ਼ਮਾਂ ਨੇ ਪੀੜਤ ਵਪਾਰੀ ਦੀ ਨੰਗੀ ਵੀਡੀਓ ਬਣਾ ਲਈ, ਵੀਡੀਓ ਮਗਰੋਂ ਉਸ ਨਾਲ ਮਾਰਕੁੱਟ ਮਗਰੋਂ ਪੈਸਿਆਂ ਦੀ ਮੰਗ ਕੀਤੀ ਗਈ। ਅਮੀਰ ਹੋਣ ਕਰਕੇ ਪਹਿਲਾਂ ਲੜਕੀ ਨਾਲ ਟਾਈਮ ਰੱਖਿਆ ਗਿਆ ਅਤੇ ਫਿਰ ਉਸਦੀ ਵਪਾਰੀ ਨਾਲ ਨੰਗੀ ਵੀਡੀਓ ਬਣਾ ਲਈ ਗਈ। ਫੇਰ ਬਲੈਕ ਮੇਲਿੰਗ ਸ਼ੁਰੂ ਕਰ ਦਿੱਤੀ ਗਈ।" ਐੱਸ.ਐੱਸ.ਪੀ ਮਨਜੀਤ ਸਿੰਘ ਢੇਸੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਵਪਾਰੀ ਤੋਂ 20 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਜੋ ਕਿ ਅਮਰੀਕੀ ਡਾਲਰਾਂ ਦੇ ਹਿਸਾਬ ਨਾਲ ਕੁੱਝ 24 ਲੱਖ ਡਾਲਰ ਦੇ ਨੇੜੇ ਬਣਦੇ ਹਨ। ਉਨ੍ਹਾਂ ਦੱਸਿਆ ਕਿ ਇਸਤੋਂ ਬਾਅਦ ਪੈਸੇ ਘਟਾਉਣ ਦਾ ਮਾਮਲਾ ਸ਼ੁਰੂ ਹੋਇਆ ਅਤੇ ਅੰਤ ਵਿੱਚ 12 ਲੱਖ ਡਾਲਰਾਂ ਉੱਤੇ ਆਕੇ ਦੋਵਾਂ ਧਿਰਾਂ ਦੀ ਸਹਿਮਤੀ ਬਣੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਜਦੋਂ ਵਪਾਰੀ ਦੇ ਰਿਸ਼ਤੇਦਾਰਾਂ ਵੱਲੋਂ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਪੁਲਿਸ ਟੀਮ ਨੇ ਸਾਰੇ ਮੁਲਜ਼ਮਾਂ ਨੂੰ ਜਿੱਥੇ ਐੱਮ.ਸੀ ਕਾਲੋਨੀ ਤੋਂ ਦਬੋਚ ਲਿਆ ਉੱਥੇ ਹੀ ਮੁਲਜ਼ਮਾਂ ਕੋਲੋਂ 3 ਹਥਿਆਰਾਂ ਸਣੇ ਰੌਂਦ ਅਤੇ ਜਿਸ ਫੋਨ 'ਚ ਵੀਡੀਓ ਬਣਾਈ ਗਈ ਸੀ ਉਸਨੂੰ ਵੀ ਆਪਣੇ ਕਬਜ਼ੇ 'ਚ ਲੈ ਲਿਆ। ਹੁਣ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।