ਕੇਂਦਰ ਸਰਕਾਰ ਦੀ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਚੱਲ ਰਹੀ ਐੱਸ ਸੀ ਵਜ਼ੀਫ਼ਾ ਸਕੀਮ ਵਿੱਚ ਪੰਜਾਬ ਵਿੱਚ ਹੋਈਆਂ ਬੇਨਿਯਮੀਆਂ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ
ਸਮੇਤ ਪੰਜਾਬ ਸਰਕਾਰ ਵੀ ਕਸੂਤੀ ਫਸਦੀ ਨਜ਼ਰ ਆ ਰਹੀ ਹੈ । ਐੱਸ ਸੀ ਵਿਦਿਆਰਥੀਆਂ ਦੇ ਵਜ਼ੀਫ਼ਾ ਵੰਡ ਵਿੱਚ ਹੋਈਆਂ ਬੇਨਿਯਮੀਆਂ ਵਿੱਚ ਕੈਪਟਨ ਸਰਕਾਰ ਪਿਛਲੇ ਸਾਲ ਕਈ ਮਹੀਨਿਆਂ ਤੋਂ ਵਿਰੋਧੀ ਪਾਰਟੀਆਂ ਦੇ ਤਿੱਖੇ ਰੋਹ ਦਾ ਸ਼ਿਕਾਰ ਹੁੰਦੀ ਨਜ਼ਰ ਆ ਰਹੀ ਹੈ । ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਧੂ ਸਿੰਘ ਧਰਮਸੋਤ ਨੂੰ ਦਿੱਤੀ ਕਲੀਨਚਿੱਟ ਨੇ ਪੰਜਾਬ ਦੀ ਜਨਤਾ ਵਿੱਚ ਪੰਜਾਬ ਸਰਕਾਰ ਅਤੇ ਮੰਤਰੀ ਧਰਮਸੋਤ ਵਿਰੁੱਧ ਭਾਰੀ ਰੋਸ ਪਾਇਆ ਹੈ। ਨਤੀਜੇ ਵਜੋਂ ਸਾਧੂ ਸਿੰਘ ਧਰਮਸੋਤ ਨੂੰ ਅੱਜ ਕੱਲ ਪੰਜਾਬ ਦੇ ਪਿੰਡਾਂ ਵਿੱਚ ਘਿਰਾਉ ਕਰਕੇ ਜ਼ਲੀਲ ਕੀਤੇ ਜਾਂਦਿਆਂ ਨੂੰ ਆਮ ਦੇਖਿਆ ਜਾ ਰਿਹਾ ਹੈ। ਜਿਰਰਯੋਗ ਹੈ ਕਿ ਇਸ ਵਜ਼ੀਫ਼ਾ ਘੋਟਾਲੇ ਦੀ ਇਨਕੁਆਰੀ ਰਿਪੋਰਟ ਪੰਜਾਬ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਕਿਰਪਾ ਸ਼ੰਕਰ ਸਰੋ ਵੱਲੋਂ ਤਿਆਰ ਕੀਤੀ ਗਈ ਸੀ
ਜਿਸ ਵਿੱਚ ਉੱਸ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਉੱਤੇ ਵਜ਼ੀਫ਼ਾ ਫੰਡਾ ਵਿੱਚ ਕਰੋੜਾਂ ਰੁਪਏ ਦੇ ਹੇਰਫੇਰ ਕਰਨ ਦੇ ਦੋਸ਼ ਲਾਏ ਗਏ ਸਨ । ਇੱਥੇ ਇਹ ਦੱਸਣਯੋਗ ਹੈ ਕਿ ਜਦੋਂ ਇਸ ਵਜ਼ੀਫ਼ਾ ਘੋਟਾਲੇ ਦੀ ਰਿਪੋਰਟ ਸਾਹਮਣੇ ਆਈ ਸੀ ਤਾਂ ਕੇਂਦਰ ਸਰਕਾਰ ਨੇ ਕੈਪਟਨ ਸਰਕਾਰ ਨੂੰ ਦੋ ਵਾਰ ਪੱਤਰ ਜਾਰੀ ਕਰਕੇ ਕੇਸ ਨਾਲ ਸਬੰਧਤ ਇਨਕੁਆਰੀ ਰਿਪੋਰਟ ਮੰਗੀ ਸੀ। ਪ੍ਰੰਤੂ ਪੰਜਾਬ ਸਰਕਾਰ ਨੇ ਕੇਂਦਰ ਦੇ ਹੁਕਮਾਂ ਨੂੰ ਅਣਗੌਲਿਆਂ ਕਰਕੇ ਸਾਧੂ ਸਿੰਘ ਧਰਮਸੋਤ ਨੂੰ ਬਚਾਉਣ ਹਿੱਤ ਕੇਸ ਨਾਲ ਸਬੰਧਤ ਰਿਪੋਟਰ ਕੇਂਦਰ ਨੂੰ ਨਹੀਂ ਭੇਜੀ। ਹੁਣ ਕੇਂਦਰ ਸਰਕਾਰ ਨੇ ਸਖਤੀ ਦਿਖਾਉਂਦਿਆਂ ਹੋਇਆਂ ਪੰਜਾਬ ਸਰਕਾਰ ਨੂੰ ਉਕਤ ਇਨਕੁਆਰੀ ਰਿਪੋਰਟ ਤੁਰੰਤ ਭੇਜਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਕਿ ਕੇਂਦਰੀ ਸਰਕਾਰ ਦੀ ਇਸ ਵਜ਼ੀਫ਼ਾ ਸਕੀਮ ਵਿੱਚ ਹੋਈਆਂ ਬੇਨਿਯਮੀਆਂ ਦਾ ਪਰਦਫਾਸ਼ ਹੋ ਸਕੇ ।