ਹਕੁਮਤ ਦੇ ਸ਼ਾਹੀ ਜਬਰ ਅਤੇ ਅਨਿਆਂ ਦੇ ਖਿਲਾਫ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕਰਨ ਵਾਲੇ ਦਲੇਰ ਸਿਰੜੀ ਤੇ ਬੇਬਾਕ ਪੱਤਰਕਾਰ ਰਵੀਸ਼ ਕੁਮਾਰ ਅੰਤਰਰਾਸ਼ਟਰੀ ਪੱਤਰਕਾਰੀ ਦੇ ਖੇਤਰ ਵਿੱਚ ਸਿਰਕੱਢ ਸ਼ਖਸੀਅਤ ਹੈ। ਭਾਰਤ ਦੇ ਵੱਡੇ ਸਰਮਾਏਦਾਰ ਅਤੇ ਸਰਕਾਰ ਹਿਤੈਸੀ, ਸਰਕਾਰ ਨੂੰ ਆਪਣੀਆ ਉਂਗਲਾਂ ’ਤੇ ਨਚਾਉਣ ਵਾਲੇ ਗੌਤਮ ਅਡਾਨੀ ਦੇ ਨਿਊ ਦਿੱਲੀ ਟੈਲੀਵਿਜ਼ਨ ਲਿਮਟਿਡ (ਐੱਨਡੀਟੀਵੀ) ਉਪਰ ਕਬਜ਼ਾ ਕਰਨ ਮਗਰੋਂ, ਰਵੀਸ਼ ਕੁਮਾਰ ਵੱਲੋਂ ਅਸਤੀਫਾ ਦੇਣਾ ਦਲੇਰਾਨਾ ਕਦਮ ਹੈ। ਗੋਦੀ ਮੀਡੀਆਂ ਬਣ ਕੇ ਹਕੂਮਤਾਂ ਦੇ ਗੁਣ ਗਾਉਣ ਅਤੇ ਸੱਚ ਨੂੰ ਦਬਾਉਣ ਲਈ ਪੂੰਜੀਪਤੀਆਂ ਅੱਗੇ ਗੋਡੇ ਟੇਕਣ ਵਾਲੇ ਲੋਕਾਂ ਨੂੰ ਇਹ ਸੁਨੇਹਾ ਵੀ ਹੈ ਕਿ ਉਹੀ ਲੋਕ ਦੁਨੀਆਂ ਲਈ ਰਾਹ-ਦਸੇਰਾ ਬਣਦੇ ਹਨ, ਜੋ ਦੇਸ਼ ਦੇ ਜ਼ਾਲਮ ਆਗੂਆਂ ਦੇ ਰੁਤਬਿਆਂ ਦੀ ਪ੍ਰਵਾਹ ਨਾ ਕਰਦਿਆਂ, ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹੁੰਦੇ ਹਨ। ਪੱਤਰਕਾਰ ਰਵੀਸ਼ ਕੁਮਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ, ਸੋਸ਼ਲ ਮੀਡੀਆ ਤੇ ਗਾਲੀ- ਗਲੋਚ ਹੋਇਆ, ਇੱਥੋਂ ਤੱਕ ਉਨ੍ਹਾਂ ਦੇ ਚੱਲਦੇ ਪ੍ਰੋਗਰਾਮ ਵੀ ਸੈਂਸਰ ਕਰਕੇ ਰੋਕੇ ਜਾਂਦੇ ਰਹੇ, ਪਰ ਰਵੀਸ਼ ਕੁਮਾਰ ਡਟੇ ਰਹੇ। ਰਵੀਸ਼ ਕੁਮਾਰ ਵਰਗੇ ਪੱਤਰਕਾਰ ਚਾਹੇ ਗਿਣਤੀ ਵਿੱਚ ਬਹੁਤ ਥੋੜ੍ਹੇ ਹਨ, ਪਰ ਇਹ ਕਥਨ ਸੱਚ ਹੈ ਕਿ ਮਹਾਨ ਵਿਅਕਤੀਆਂ ਦੀ ਭੀੜ ਨਹੀਂ ਹੁੰਦੀ ਤੇ ਭੀੜ ਦੇ ਵਿੱਚ ਮਹਾਨ ਵਿਅਕਤੀ ਨਹੀਂ ਹੁੰਦੇ। ਲੋਕਤੰਤਰ ਦਾ ਚੌਥਾ ਥੰਮ “ਮੀਡੀਆ” ਅੱਜ ਜਾਂ ਸਰਕਾਰੀ ਦਮਨ ਜਾਂ ਸਰਕਾਰੀ ਗੁਲਾਮੀ ਦਾ ਸ਼ਿਕਾਰ ਹੈ। ਅੱਜ ਭਾਰਤੀ ਮੀਡੀਆ ਖਾਸ ਕਰਕੇ ਇਸ ਦੌਰ ਵਿੱਚੋਂ ਦੀ ਲੰਘ ਰਿਹਾ ਹੈ। ਰਵੀਸ਼ ਕੁਮਾਰ ਵਰਗੇ ਦਲੇਰਾਨਾ ਸੋਚ ਰੱਖਣ ਵਾਂਲੇ ਵਿਰਲੇ ਹੀ ਪੱਤਰਕਾਰ ਹਨ, ਜੋ ਹਕੂਮਤਾਂ ਦੇ ਜਬਰ ਨੂੰ ਨੰਗਾ ਕਰਨ ਦੀ ਜੁਅਰਤ ਰੱਖਦੇ ਹਨ।
ਕੌਮਾਂਤਰੀ ਪੱਧਰ ਦਾ 'ਰੇਮਨ ਮੈਗਸੇਸੇਅ' ਸਨਮਾਨ ਹਾਸਲ ਕਰਨ ਵਾਲਾ ਪੱਤਰਕਾਰ ਰਵੀਸ਼ ਕੁਮਾਰ ਸੰਸਾਰ ਪ੍ਰਸਿੱਧ ਟੈਲੀਵਿਜ਼ਨ ਸੰਚਾਲਕ ਹੀ ਨਹੀਂ, ਸਗੋਂ ਚੰਗਾ ਸਾਹਿਤਕ ਪੱਤਰਕਾਰ ਵੀ ਹੈ। ਇਸ ਦਾ ਸਬੂਤ ਉਸ ਨੇ ਸਾਹਿਤਕ ਪੱਤਰਕਾਰੀ ਦੀ ਕਿਤਾਬ 'ਬੋਲ ਬੰਦਿਆ' ਰਾਹੀਂ ਦਿੱਤਾ ਹੈ, ਜਿਸ ਵਿਚ ਸ਼ਾਮਲ ਹਰੇਕ ਲੇਖ ਵਿਸ਼ਾ- ਵਸਤੂ ਅਤੇ ਪੇਸ਼ਕਾਰੀ ਪੱਖੋਂ ਭਾਵਪੂਰਤ ਹੈ। ਅੰਜ ਦੇ ਗੋਦੀ ਮੀਡੀਆਂ ਦੀ ਹਨੇਰਗਰਦੀ ਵਿੱਚ ਰਵੀਸ਼ ਕੁਮਾਰ ਬੇਬਾਕ ਪੱਤਰਕਾਰੀ ਦਾ ਚਾਨਣ ਮੁਨਾਰਾ ਕਿਹਾ ਜਾ ਸਕਦਾ ਹੈ, ਜੋ ਫਾਸ਼ੀਵਾਦੀ ਇੰਡੀਅਨ ਸਟੇਟ ਦੀ ਹਰ ਧੱਕੇਸ਼ਾਹੀ ਖਿਲਾਫ਼ ਬੇਖੋਫ਼ ਹੋ ਕੇ ਅਵਾਜ਼ ਬੁਲੰਦ ਕਰਦਾ ਹੈ। ਜਦੋ ਵੀ ਭਾਰਤ ਦੀ ਆਜ਼ਾਦੀ ਬਾਰੇ ਆਲੋਚਨਾਤਮਿਕ ਅਧਿਐਨ ਕੀਤਾ ਜਾਂਦਾ ਹੈ ਅਤੇ ਦੇਸ਼ ਨੂੰ ਬਰਬਾਦ ਕਰ ਰਹੀਆਂ ਤਾਕਤਾਂ ਉਪਰ ਕਰਾਰੀ ਚੋਟ ਮਾਰੀ ਜਾਂਦੀ ਹੈ, ਤਾਂ ਅਕਸਰ ਇਕ ਸ਼ੇਅਰ ਪੜ੍ਹਿਆ ਜਾਂਦਾ ਹੈ। ਇਹ ਸ਼ੇਅਰ ਅਖਾਣ ਵਾਂਗ ਮਸ਼ਹੂਰ ਹੋ ਚੁੱਕਿਆ ਹੈ :
"ਬਸ ਏਕ ਹੀ ਉੱਲੂ ਕਾਫ਼ੀ ਥਾ,
ਬਰਬਾਦ ਗੁਲਸਿਤਾਂ ਕਰਨੇ ਕੋ
ਹਰ ਸ਼ਾਖ਼ ਪੇ ਉੱਲੂ ਬੈਠਾ ਹੈ,
ਅੰਜਾਮ – ਏ - ਗੁਲਸਿਤਾਂ ਕਿਆ ਹੋਗਾ?"
ਸ਼ਾਇਰ ਸ਼ੌਕ ਬਹਿਰਾਇਚੀ ਦਾ ਇਹ ਮਸ਼ਹੂਰ ਸ਼ੇਅਰ ਅੱਜ ਭਾਰਤ ਦੇ ਆਜ਼ਾਦੀ ਦੇ 75 ਸਾਲ ਗੁਜ਼ਰ ਜਾਣ ਮਗਰੋਂ ਨਜ਼ਰ ਆ ਰਹੇ ਹਾਲਾਤ 'ਤੇ ਪੂਰਾ ਢੁਕਦਾ ਹੈ। ਦੇਸ਼ ਵਿੱਚ ਸਿਆਸਤਦਾਨਾਂ ਵੱਲੋਂ ਮਾਨਵਵਾਦ ਉਤੇ ਫਿਰਕੂਵਾਦ ਅਤੇ ਲੋਕਤੰਤਰ ਉਤੇ ਫਾਸ਼ੀਵਾਦ ਦੀ ਜਿੱਤ ਦਾ, ਨੰਗਾ – ਚਿੱਟਾ ਪ੍ਰਚਾਰ ਕੀਤਾ ਜਾ ਰਿਹਾ ਹੈ। ਢਾਂਚਾਗਤ ਨਸਲਵਾਦ ਦਾ ਬੋਲਬਾਲਾ ਸਿਖਰਾਂ ਨੂੰ ਛੂਹ ਰਿਹਾ ਹੈ। ਬਹੁ-ਸੰਖਿਆਵਾਦ ਦੀ ਦਹਿਸ਼ਤਗਰਦੀ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਆਪਣੇ ਵਿੱਚ ਜਜ਼ਬ ਕਰਨ ਜਾਂ ਮੂਲੋਂ ਹੀ ਮਿਟਾਉਣ 'ਤੇ ਤੁਲੀ ਹੋਈ ਹੈ। ਦੇਸ਼ ਦੇ ਸੈਂਕੜੇ ਬੁੱਧੀਜੀਵੀ ਯੁ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਅਧੀਨ ਜੇਲ੍ਹਾਂ 'ਚ ਡੱਕੇ ਹੋਏ ਹਨ। ਇਨ੍ਹਾਂ ਹਾਲਤਾਂ ਵਿੱਚ ਭਗਵੇਂ ਨਸਲਵਾਦੀਆਂ ਵੱਲੋਂ ਪੱਤਰਕਾਰਾ ਗੌਰੀ ਲੰਕੇਸ਼ ਦੇ ਕਤਲ ਨੂੰ ਰਵੀਸ਼ ਕੁਮਾਰ ਵੱਲੋਂ ‘ਆਪਣਾ ਹਿਰਦਾ ਛਲਣੀ ਹੋਣਾ’ ਮਹਿਸੂਸ ਕਰਨਾ,ਗਹਿਰੇ ਦਰਦਾ ਪ੍ਰਗਟਾਵਾ ਹੈ।
ਅੱਜ ਭਾਰਤ ਵਿਚ ਸਰਕਾਰ ਦੀ ਅਲੋਚਨਾ ਕਰਨਾ ਸਭ ਤੋਂ ਵੱਡਾ ਜ਼ੁਰਮ ਹੈ। ਸੰਵਿਧਾਨ ਵਿਚਲੇ 'ਸੈਕੁਲਰਿਜ਼ਮ’ ਭਾਵ ਧਰਮ ਨਿਰਪੱਖਤਾ ਦੇ ਸ਼ਬਦ ਚਾਹੇ ਲਿਖਤੀ ਰੂਪ ’ਚ ਅਜੇ ਹਟਾਏ ਨਹੀਂ ਗਏ, ਪਰ ਸੱਤਾ ਤੇ ਸਥਾਪਤੀ ਨੇ ਆਪਣੇ ਵਿਹਾਰ ਤੇ ਕਿਰਦਾਰ ਵਿਚੋਂ ਇਹ ਕਦੋਂ ਦੇ ਖਤਮ ਕਰ ਦਿੱਤੇ ਹਨ। ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਅਤੇ ਰੱਖਿਅਕ ਹੀ ਭੱਖਿਅਕ ਬਣ ਜਾਣ, ਤਾਂ ਪੀੜਤ ਦੇ ਬਚ ਸਕਣ ਦੀ ਆਸ ਮੁੱਕ ਜਾਂਦੀ ਹੈ। ਇਉਂ ਹਰ ਟਹਿਣੀ ਤੇ ਬੈਠੇ ਸਿਆਸੀ ਉੱਲੂਆਂ ਤੋਂ ਦੇਸ਼ ਰੂਪੀ ਬਾਗ਼ ਨੂੰ ਬਰਬਾਦ ਹੋਣੋਂ ਕਿਵੇਂ ਬਚਾਇਆ ਜਾ ਸਕਦਾ ਹੈ ? ਅੰਤਾਂ ਦੀ ਦੁਖੀ ਜਨਤਾ ਸ਼ਾਇਰ ਇਰਤਜ਼ਾ ਨਿਸ਼ਾਤ ਦੇ ਕਹਿਣ ਵਾਂਗ ਅੱਜ ਪ੍ਰਧਾਨ ਮੰਤਰੀ ਤੋਂ ਇਹ ਮੰਗ ਕਰ ਰਹੀ ਹੈ :
“ਕੁਰਸੀ ਹੈ ਤੁਮਹਾਰਾ ਜਨਾਜ਼ਾ ਤੋਂ ਨਹੀਂ
ਕੁਛ ਕਰ ਨਹੀਂ ਸਕਤੇ ਤੋਂ ਉੱਤਰ ਕਿਉਂ ਨਹੀਂ ਜਾਤੇ।”
'ਬੋਲ ਬੰਦਿਆ' ਵਿੱਚ ਰਵੀਸ਼ ਕੁਮਾਰ ਦੀ ਪੱਤਰਕਾਰੀ ਦੀ ਵਧੀਆ ਮਿਸਾਲ ਉਸਦੇ ਲੇਖ 'ਆਜ਼ਾਦੀ ਦਿਹਾੜੇ 'ਤੇ ਆਈਸ ਕਰੀਮ ਦੀ ਦਾਅਵਤ ਕਰੀਏ' ਦੇ ਤਿੱਖੇ ਵਿਅੰਗ 'ਚੋਂ ਮਿਲਦੀ ਹੈ, ਜਿਸ ਵਿੱਚ ਉਸ ਨੇ ਅਖੌਤੀ ਆਜ਼ਾਦੀ ਦੇ ਵੇ ਮਾਅਨੇ ਬਿਆਨ ਕੀਤੇ ਹਨ। ਇਹ ਹਕੀਕਤ ਹੈ ਕਿ ਗ਼ਦਰ ਪਾਰਟੀ ਨੇ ਕੈਨੇਡਾ ਅਤੇ ਅਮਰੀਕਾ ਦੀ ਧਰਤੀ ਤੋਂ ਭਾਰਤ ਨੂੰ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦ ਕਰਵਾਉਣ ਦਾ ਬਿਗਲ ਵਜਾਇਆ ਸੀ। ਗ਼ਦਰੀ ਬਾਬਿਆਂ ਨੇ ਆਜ਼ਾਦ ਦੇਸ਼ ਲਈ ਨਾਂ 'ਯੂਨਾਈਟਿਡ ਸਟੇਟਸ ਆਫ਼ ਇੰਡੀਆ' ਦਿੱਤਾ ਸੀ, ਜਿਸ ਦਾ ਭਾਵ ਸੀ ਮਜ਼ਬੂਤ ਸੰਘੀ ਢਾਂਚਾ ਭਾਵ ਦੇਸ਼ ਦੇ ਸਮੂਹ ਰਾਜ, ਉਥੋਂ ਦੇ ਭਾਈਚਾਰੇ, ਮੂਲਵਾਸੀ ਤੇ ਘੱਟ ਗਿਣਤੀਆਂ ਆਪਣਾ ਸਭਿਆਚਾਰ, ਪਹਿਰਾਵੇ, ਖਾਣ-ਪੀਣ, ਬੋਲ - ਚਾਲ ਅਤੇ ਰਹਿਣ- ਸਹਿਣ ਦਾ ਪੂਰਨ ਆਨੰਦ ਮਾਣ ਸਕਣ। ਇਸ ਦਾ ਭਾਵ ਇਹ ਵੀ ਸੀ ਕਿ ਨਾਂ ਤਾਂ ਸੱਤਾ ਦਾ 'ਕੇਂਦਰੀਕਰਨ' ਹੋਵੇ ਅਤੇ ਨਾ ਹੀ ਰਾਜਨੀਤੀ ਦਾ 'ਧਰੁਵੀਕਰਨ'। ਸੰਘੀ ਢਾਂਚੇ 'ਚ ਕੇਂਦਰ ਆਪਣੇ ਕਰੇ ਅਤੇ ਕੇਂਦਰੀ ਸਰਕਾਰ ਸੁਆਰਥ ਲਈ, ਸਿਆਸੀ ਵਿਰੋਧੀਆਂ ਦਾ ਅੰਤ ਨਾ ਕਰੇ। ਗ਼ਦਰੀ ਬਾਬਿਆਂ ਦੀ ਇਸ ਸੋਜ਼ ਨਾਲ ਅੱਜ ਜਿਵੇਂ ਖਿਲਵਾੜ ਹੋ ਰਿਹਾ ਹੈ, ਜਿਸ ਦੀਆਂ ਅਨੇਕਾਂ ਮਿਸਾਲਾਂ ਮੌਜੂਦਾ ਆਜ਼ਾਦ ਭਾਰਤ ਦੇ ਸੰਘੀ ਢਾਂਚੇ `ਤੇ ਸੁਆਲ ਖੜੇ ਕਰਦੀਆਂ ਹਨ। ਸੱਚ ਤਾਂ ਇਹ ਹੈ ਕਿ ਹੋ ਗਿਆ ਸੀ, ਜਦੋਂ 14-15 ਅਗਸਤ 1947 ਨੂੰ ਦੇਸ਼ ਦੇ ਦੋ ਟੁਕੜੇ ਹੋਏ ਸਨ। ਲੱਖਾਂ ਲੋਕ ਮਾਂਰੇ ਗਏ ਸਨ। ਪੰਜਾਬ ਦੋ ਹਿੱਸਿਆਂ ਚ ਵੰਡ ਦਿੱਤਾ ਗਿਆ ਸੀ। ਇਕ ਅੰਦਾਜ਼ੇ ਅਨੁਸਾਰ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਵਿਚ ਪੰਜ-ਪੰਜ ਲੋਕਾਂ ਲੱਖ ਲੋਕਾਂ ਦੇ ਕਿੱਥੋਂ ਤੱਕ ਜਾਇਜ਼ ਹੈ? ਇਹ ਬੌਧਿਕ ਦੀਵਾਲੀਆ ਨਹੀਂ ਤਾਂ ਹੋਰ ਕੀ ਹੈ? ਅਜਿਹੇ ਦੁਖਾਂਤ 'ਤੇ ਮਾਤਮ ਮਨਾਉਣ ਦੀ ਲੋੜ ਹੈ, ਨਾ ਕੀ ਆਇਸ ਕਰੀਮ ਦੀ ਦਾਅਵਤਾਂ ਕਰਨ ਦੀ।
‘ਬੋਲ ਬੰਦਿਆ’ ਵਿਚਲੇ ਲੇਖਾਂ ਰਾਹੀਂ ਰਵੀਸ਼ ਕੁਮਾਰ ਨੇ ਭਾਰਤ ਵਿੱਚ ਫੈਲੇ ਫਾਸ਼ੀਵਾਦ ਦੇ ਖੂੰਖਾਰ ਰੂਪ ਨੂੰ ਬੇਬਾਕੀ ਨਾਲ ਬਿਆਨ ਕੀਤਾ ਹੈ। ਇਹ ਸੱਚ ਹੈ ਕਿ ਫਾਸ਼ੀਵਾਦ ਦੇ ਘਿਨਾਉਣੇ ਰੂਪ ਵਿੱਚ ਭਾਰਤ 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 1975 ਵਿਚ ਐਮਰਜੈਂਸੀ ਲਾ ਕੇ ਲੋਕਰਾਜੀ ਤਾਕਤਾਂ ਨਸ਼ਟ ਕਰਨਾ, ਅਜਿਹੀ ਮੰਦਭਾਗੀ ਕਾਰਵਾਈ ਸੀ, ਜਿਸਨੇ ਲੋਕਤੰਤਰੀ ਸਿਧਾਂਤ ਹੀ ਬਰਬਾਦ ਕਰ ਦਿੱਤਾ ਸੀ। ਅੱਜ ਹਾਲਾਤ ਉਸ ਤੋਂ ਵੀ ਬਦਤਰ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ 'ਚ ਵੱਖ - ਵੱਖ ਸੂਬਿਆਂ ਅੰਦਰ ਕੇਂਦਰ ਵੱਲੋਂ ਆਪਣੇ ਨੁਮਾਇੰਦੇ ਰਾਜਪਾਲਾਂ ਰਾਹੀਂ, ਸਰਕਾਰਾਂ ਤੋੜਨ ਅਤੇ ਸਿਆਸੀ ਖਰੀਦੋ- ਫ਼ਰੋਖ਼ਤ ਦਾ ਧੰਦਾ ਜ਼ੋਰਾ ਤੇ ਚਲ ਰਿਹਾ ਹੈ। ਐਮਰਜੈਂਸੀ ਵੇਲੇ ਇੰਦਰਾ ਬਾਰੇ ਪ੍ਰਸਿੱਧ ਸ਼ਾਇਰ ਡਾ. ਦੁਸ਼ਯੰਤ ਕੁਮਾਰ ਤਿਆਗੀ ਨੇ ਜੋ ਲਿਖਿਆ ਸੀ, ਅੱਜ ਉਹ ਮੋਦੀ 'ਤੇ ਵੀ ਪੂਰਾ ਢੁੱਕਦਾ ਹੈ :
“ਏਕ ‘ਗੁੜੀਆ’ ਕੀ ਕਈ ਕਠਪੁਤਲੀਓਂ ਮੇਂ ਜਾਨ-ਹੈ।
ਆਜ ਸ਼ਾਇਰ ਜੇਹ ਤਮਾਸਾ ਦੇਖਕੇ ਹੈਰਾਨ ਹੈ।
ਮਸਲ ਹਤ ਆਮੇਜ਼ ਹੋਤੇ ਹੈ ਸਿਆਸਤ ਕੇ ਕਦਮ
ਤੂ ਨਾ ਸਮਝੇਗਾ ਅਭੀ ਤੂ ਅਭੀ ਇਨਸਾਨ ਹੈ।
ਕੱਲ੍ਹ ਨੁਮਾਇਸ਼ ਮੇਂ ਮਿਲਾ ਵੋਹ ਚੀਥੜੇ ਪਹਿਨੇ ਹੋਏ
ਮੈਨੇ ਪੂਛਾ ਨਾਮ ਬੋਲਾ ਹਿੰਦੋਸਤਾਨ ਹੈ। ”
ਜੰਮੂ- ਕਸ਼ਮੀਰ ਵਿੱਚ ਧਾਰਾ 370 ਦੇ ਖ਼ਾਤਮੇ ਨੂੰ 5 ਅਗਸਤ 2019 ਨੂੰ ਖ਼ਤਮ ਕਰ ਦਿੱਤੀ ਗਈ ਤੇ ਉਥੋਂ ਦੀ ਅਤਿ-ਦਰਦਨਾਕ ਹਾਲਤ ਚ ਲੋਕਾਂ ਦੀ ਜ਼ਿੰਦਗੀ ਮੂਲੋਂ ਹੀ ਉਖੜ ਗਈ। ਸਿਤਮਜ਼ਰੀਫੀ ਹੈ ਕਿ 5 ਅਗਸਤ ਦਾ ਦਿਨ ਇੱਕ ਪਾਸੇ ਕਸ਼ਮੀਰ ਦੇ ਲੋਕਾਂ ਦੀ
ਨਾਂ ਦੀ ਜ਼ੁਬਾਨਬੰਦੀ ਅਤੇ 72 ਸਾਲ ਪਹਿਲਾਂ ਮਿਲੇ ਵਿਸ਼ੇਸ਼ ਰਾਜ ਦੇ ਦਰਜੇ ਹੱਕ ਨੂੰ ਖ਼ਤਮ ਕਰਨ ਦਾ ਦੁਖਦਾਈ ਦਿਨ ਸੀ। ਪਰ 5 ਅਗਸਤ ਦੇ ਦਿਨ ਨੂੰ ਹੀ ਅਯੁੱਧਿਆ 'ਚ ਬਾਬਰੀ ਮਸਜਿਦ ਢਾਹੇ ਜਾਣ ਵਾਲੀ ਥਾਂ ਤੇ,ਮੰਦਿਰ ਨਿਰਮਾਣ ਦੇ ਭੂਮੀ ਪੂਜਨ ਵਜੋਂ ਚੁਣਨਾ, ਖ਼ਾਸ ਫਿਰਕੇ ਦੇ ਜ਼ਖਮਾਂ ਤੇ ਲੂਣ ਛਿੜਕਣ ਦੇ ਬਰਾਬਰ ਹੈ। ਇਹ ਉਹੀ ਪੀੜਾ ਹੈ, ਜਿਹੜੀ ਲੋਕਾਂ ਅੰਦਰ ਫਿਰਕੁ ਸਾਂਝ ਤੋੜਨ ਅਤੇ ਤਨਾਓ ਵਧਾਓਣ ਦੀ ਹਾਲਤ ’ਚ, ਨਾਸੂਰ ਬਣਦੀ ਹੈ। ਅਜਿਹੇ ਕਦਮ ਨੂੰ ਪ੍ਰਧਾਨ ਮੰਤਰੀ ਮੋਦੀ ‘ਆਜ਼ਾਦੀ ਦੀ ਲੜਾਈ’ ਦੇ ਸਮਾਨਾਂਤਰ ਦੱਸਣਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ। ਅਜਿਹੀ ਹਾਲਤ ਵਿੱਚ ਮਿਰਜ਼ਾ ਗਾਲਿਬ ਸਾਹਿਬ ਦਾ ਇਹ ਸ਼ਿਅਰ ਹੈ :
“ਕਾਅਬੇ ਕਿਸ ਮੂੰਹ ਸੇ ਜਾਓਗੇ ਗਾਲਿਬ।
ਸ਼ਰਮ ਤੁਮਕੋ ਮਗਰ ਨਹੀਂ ਆਤੀ।”
ਆਜ਼ਾਦੀ ਦੀ ਜੰਗ 'ਚ ਸਾਰੇ ਵਰਗਾਂ ਦੇ ਲੋਕ ਮਿਲਕੇ, ਬਸਤੀਵਾਦ ਅਤੇ ਨਸਲਵਾਦ ਖ਼ਿਲਾਫ਼ ਲੜੇ, ਉਨ੍ਹਾਂ ਦਾ ਮਨੋਰਥ ਆਜ਼ਾਦ ਲੋਕ ਰਾਜ ਸਥਾਪਿਤ ਕਰਨਾ ਸੀ। ਦੂਸਰੇ ਪਾਸੇ ਬਾਬਰੀ ਮਸਜਿਦ ਨੂੰ ਢਾਹੇ, ਜਾਣ ਵਾਲੀ ਜਗ੍ਹਾ 'ਤੇ ਮੰਦਿਰ ਨਿਰਮਾਣ ਦੇ ਲਈ ਭੂਮੀ ਪੂਜਨ ਨੂੰ ‘ਆਜ਼ਾਦੀ ਦੀ ਲੜਾਈ ਦਾ ਇਤਿਹਾਸ’ ਦੁਹਰਾਉਣ ਵਾਲਾ ਅਧਿਆਇ ਗਰਦਾਨਣਾ ਕਿਵੇਂ ਉਚਿਤ ਹੋ ਸਕਦਾ ਹੈ? ਮਸਜਿਦ ਦਾ ਮਲਵਾ ਢਹਿ ਢੇਰੀ ਕਰਨਾ ਅਤੇ ਸਭ ਵੱਲੋ ਮਿਲ ਕੈ ਆਜ਼ਾਦ ਦੇਸ਼ ਦੀ ਸਾਂਝੀ ਉਸਾਰੀ ਕਰਨਾ ਇਕ-ਦੂਜੇ ਤੋਂ ਬਿਲਕੁਲ ਉਲਟ ਹਨ। ਸੱਚ ਤਾਂ ਇਹ ਹੈ ਕਿ ਸੰਘ ਦੇ ਆਗੂ ਸਾਵਰਕਰ ਆਦਿ ਅੰਗਰੇਜ਼ਾਂ ਤੋਂ 'ਮੁਆਫ਼ੀਆਂ ਮੰਗ' ਕੇ ਜ਼ੇਲਾਂ ਤੋਂ ਬਾਹਰ ਆਏ, ਪਰ ਅੱਜ ਉਹ ਦੇਸ਼ ਭਗਤ ਸਦਾਏ ਜਾ ਰਹੇ ਹਨ। ਰਵੀਸ਼ ਕੁਮਾਰ ਦਾ ਕਥਨ ਸੌ ਫ਼ੀਸਦੀ ਸਹੀ ਹੈ ਕਿ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਦਾ ਭਗਵਾਂਕਰਨ ਹੋ ਚੁੱਕਿਆ ਹੈ। ਦੂਜੇ ਪਾਸੇ ਇਹ ਵੀ ਸੱਚ ਹੈ ‘ਕਿਸੇ ਮੁਲਕ ਦੀ ਮੁਸ਼ਤਰਕਾ ਯਾਦਾਸ਼ਤ ਵਿੱਚੋਂ ਵਾਕਿਆਤ ਅਤੇ ਸ਼ਖ਼ਸੀਅਤਾਂ ਨੂੰ ਉਸੇ ਸਹਿਜ ਨਾਲ ਮਿਟਾਇਆ ਜਾ ਸਕਦਾ ਹੈ, ਜਿਸ ਤਰ੍ਹਾਂ ਸਕੂਲਾਂ ਦੀਆਂ ਕਿਤਾਬਾਂ ਵਿੱਚੋਂ ਮਿਟਾਇਆ ਜਾ ਸਕਦਾ ਹੈ।'
ਭਾਰਤ ਦੀ ਆਜ਼ਾਦੀ ਦੇ ਸੰਘਰਸ਼ 'ਚ ਸਾਂਝਾ ਯੋਗਦਾਨ ਪਾਉਣ ਵਾਲਿਆਂ ਵਿਚੋਂ, ਅੱਜ ਘੱਟ ਗਿਣਤੀਆਂ ਨੂੰ ਆਪਣੀ 'ਦੇਸ਼ ਭਗਤੀ' ਦਾ ਸਬੂਤ ਦੇਣ ਲਈ ਕਿਹਾ ਜਾ ਰਿਹਾ ਹੈ। ਸਭ ਦੀ ਵੰਨ-ਸੁਵੰਨਤਾ ਨੂੰ ਮਲੀਆਮੇਟ ਕਰਨ ਲਈ ‘ਇੱਕ ਦੇਸ਼ ਇੱਕ ਭਾਸ਼ਾֹ’ਤੱਕ ਦੇ ਤਾਅਨੇ ਮਾਰੇ ਜਾ ਰਹੇ ਹਨ। ਬਹੁ- ਗਿਣਤੀਵਾਦ ਦੀ ਆੜ 'ਚ ਘੱਟ ਗਿਣਤੀ ਭਾਈਚਾਰੇ ਨੂੰ 'ਪਾਕਿਸਤਾਨ ਚਲੇ ਜਾਣ' ਤੱਕ ਦੇ ਤਾਅਨੇ ਮਾਰੇ ਜਾ ਰਹੇ ਹਨ। ਪੀੜਤ ਧਿਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦੇ ਇਵਜ਼ 'ਚ ਰਵੀਸ਼ ਕੁਮਾਰ ਨੂੰ ਫੋਨ ਰਾਹੀਂ ਜੋ ਬੋਲ ਸੁਣਨ ਨੂੰ ਮਿਲਦੇ ਹਨ, ਇਸ ਤਰ੍ਹਾਂ ਹਨ, “ਇਹ ਪਾਕਿਸਤਾਨੀ ਰਵੀਸ਼ ਕੁਮਾਰ ਦਾ ਨੰਬਰ ਹੈ। ਕ੍ਰਿਪਾ ਕਰਕੇ ਇਸ ਨੂੰ ਫੋਨ ਕਰੋ ਅਤੇ ਰਾਸ਼ਟਰਵਾਦ ਦਾ ਪਾਠ ਪੜ੍ਹਾਓ।”
ਧਰਮ ਨਿਰਪੱਖ ਦੇਸ਼ ਅਖਵਾਉਣ ਵਾਲੇ ਭਾਰਤ ਵਿੱਚ ਅੱਜ ਫਿਰਕੂ ਪੱਧਰ ’ਤੇ ਭਾਈਚਾਰਿਆਂ ਨੂੰ ਹੱਕਾਂ ਪੱਖੋਂ ਵੰਡਣ ਵਾਲੇ,ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋ ਚੁੱਕੇ ਹਨ। ਇਸ ਤੋਂ ਅੱਗੇ ਨੈਸ਼ਨਲ ਰਜਿਸਟਰੇਸ਼ਨ ਅਤੇ ਕਈ ਹੋਰ ਘੁੰਣਤਰਾਂ ਵੀ ਤਿਆਰ ਹੋ ਰਹੀਆਂ ਹਨ। ਦੇਸ਼ ਆਜ਼ਾਦ ਕਰਵਾਉਣ ਵਾਲਿਆਂ ਨੇ ਕਦੇ ਸੋਚਿਆ ਨਹੀਂ ਸੀ ਕਿ ਦੇਸ਼ਵਾਸੀਆਂ ਨੂੰ ਅਜਿਹੇ ਦਿਨ ਵੀ ਵੇਖਣੇ ਪੈਣਗੇ। ਅਜਿਹੇ ਜਬਰ ਦੀ ਖ਼ਤਾ ਲਈ ਨਤੀਜੇ ਭਿਅੰਕਰ ਹੋਣਗੇ, ਜਿਵੇ' ਕਿ ਸ਼ਾਇਰ ਮੁਜ਼ੱਫਰ ਰਜ਼ਮੀ ਦਾ ਪ੍ਰਸਿੱਧ ਸ਼ਿਅਰ ਹੈ:
“ਯੇਹ ਜਬਰ ਭੀ ਦੇਖਾ ਹੈ ਤਾਰੀਖ ਨਜ਼ਰੋਂ ਨੇ
ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ।”
ਸੱਤਾ ਤੇ ਧਰੁਵੀਕਰਨ ਦੀ ਕੋਹਝੀ ਤਸਵੀਰ ਦੇਖਣੀ ਹੋਵੇ ਤਾਂ 'ਬੋਲ ਬੰਦਿਆ' ਵਿੱਚ ਰਵੀਸ਼ ਕੁਮਾਰ ਦਾ ਜਾ ਹਜਰਤ ਦੇ ਮੁਸਲਿਮ ਵਿਰੋਧੀ ਕਤਲੇਆਮ' ਬਾਰੇ ਲੇਖ ਦੀ ਗਹੁ ਨਾਲ ਪੜ੍ਹਿਆ ਜਾ ਸਕਦਾ ਹੈ। 'ਝੂਠ ਦਾ ਜਾਲ ਵਿਛਾਉਣ ਦਾ ਕੰਮ, ਤੱਥਾਂ ਦੀ ਮਿਥ ਕੇ ਤੋੜ-ਮਰੋੜ ਅਤੇ ਝੂਠੇ ਵਿਰਤੈਂਤ ਦੀ ਉਸਾਰੀ ਰਾਤੋ ਰਾਤ ਨਹੀਂ ਹੰਦੀ। ਇਹ ਕੰਮ
ਤੂ ਮਹੀਨਿਆਂ ਬੱਧੀ ਅਤੇ ਸਾਲਾਂ ਬੱਧੀ ਵੱਡੀ ਪੱਧਰ ਉੱਤੇ ਕੀਤਾ ਜਾਦਾ ਹੈ। ਇਹ ਸਿਖਰਲੇ ਡੰਡੇ ਤੋਂ ਸ਼ੁਰੂ ਹੁੰਦ ਹੈ, ਹਕੁਮਤੀ ਗਲਿਆਰਿਆਂ ਵਿੱਚੋਂ। ਇਸਦੇ ਨਤੀਜੇ ਗਲੀਆਂ ਵਿੱਚੋਂ ਨਜ਼ਰ ਆਉਂਦੇ ਹਨ। ਗਾ-ਹੱਤਿਆ ਦਾ ਮਹੀਨਿਆਂ ਬੱਧੀ ਦਵੈਸ਼ ਭਰਿਆਂ ਪ੍ਰਪੋਗੰਡਾ ਕਰਨ ਤੋਂ ਬਾਅਦ ਇਕ ਜਣੇ ਨੂੰ ਉਸਦੇ ਘਰੋਂ ਧੂਹ ਕੇ ਕਢਿਆ ਜਾਂਦਾ ਹੈ ਅਤੇ ਸੈਂਕੜਿਆਂ ਦਾ ਹਜ਼ੁਮ ਉਸ ਨੂੰ ਕੁੱਟ ਕੁੱਟ ਕੇ ਮਾਰ ਦਿੰਦਾ ਹੈ। ਅਸਲ ਬਹੁਗਿਣਤੀ ਦੀਆਂ ਵੋਟਾਂ ਬਟੋਰਨ ਦੀ ਸਿਆਸਤ ਨਵੰਬਰ 1984 ਵਿੱਚ ਸਿੱਖ ਨਸਲਕੁਸੀ ਦੇ ਦੁਖਾਂਤ ਤੋਂ ਸਪੱਸ਼ਟ ਹੋ ਜਾਂਦੀ ਹੈ। ਆਜ਼ਾਦ ਭਾਰਤ 'ਚ ਸਰਕਾਰੀ ਤੰਤਰ ਦੀ ਆੜ 'ਚ ਹਜ਼ਾਰਾਂ ਸਿੱਖਾਂ ਦਾ ਕਤਲ ਹੋਇਆ,ਪਰ ਜਵਾਬ 'ਚ ਬਹੁਗਿਣਤੀ ਵਲੋਂ ਉਸ ਸਮੇਂ ਦੀ ‘ਕਾਂਗਰਸְ’ ਨੂੰ ਸਭ ਤੋਂ ਵੱਡਾ ਬਹੁਮਤ ਹਾਸਿਲ ਹੋਇਆ। ਇਸ ਵਰਤਾਰੇ ਨੂੰ ਦੁਹਰਾਉਂਦੇ ਹੋਏ, ਸੰਨ 2002 ਵਿੱਚ ਗੁਜਰਾਤ ਅੰਦਰ ਮੁਸਲਿਮ ਕਤਲੇਆਮ ਹੋਇਆ, ਉਸ ਮਗਰੋਂ ‘ਭਾਰਤੀ ਜਨਤਾ ਪਾਰਟੀ' ਨੂੰ ਬਹੁ ਗਿਣਤੀ ਵੱਲੋਂ ਭਾਰਤੀ ਬਹੁਮਤ ਨਾਲ ਨਿਵਾਜਿਆ ਗਿਆਂ । ਅੱਜ ਦੀ ਤਾਰੀਖ ਵਿੱਚ ਧਾਰਾ 370 ਦਾ ਖਾਤਮਾ, ਮਸਜਿਦ ਢਾਹ ਕੇ ਮੰਦਿਰ ਨਿਰਮਾਣ,ਸੀ.ਏ.ਏ. ਵਰਗੇ ਐਕਟ ਆਦਿ ਵੋਟਾਂ ਦੇ ਧਰੁਵੀਕਰਨ ਲਈ ਜ਼ਮੀਨ ਤਿਆਰ ਕਰ ਰਹੇ ਹਨ, ਜੋ ਆਜ਼ਾਦ ਦੇਸ਼ ਨੂੰ ਬਰਬਾਦ ਕਰਨ ਲਈ ਜਿੰਮੇਵਾਰ ਸਾਬਿਤ ਹੋਣਗੇ। ਦੇਸ਼ ਦੇ ਤਖ਼ਤ 'ਤੇ ਚੋਰ-ਉਚੱਕੇ ‘ਚੋਧਰੀ’ ਬਣਕੇ ਜੋ ਤਬਾਹੀ ਕਰ ਰਹੇ ਹਨ, ਉਸਦਾ ਨਤੀਜਾ ਭਾਕਟਰ ਰਾਹਤ ਇੰਦੌਰੀ ਦੇ ਸ਼ਬਦਾਂ 'ਚ ਹੀ ਸਹੀ ਬਿਆਨ ਕੀਤਾ ਜਾ ਸਕਦਾ ਹੈ :
“ਬਨ ਕੇ ਹਾਦਸਾ ਬਾਜ਼ਾਰ ਮੇਂ ਆ ਜਾਏਗਾ।
ਜੋ ਨਹੀਂ ਹੋਗਾ ਵੋ ਅਖ਼ਬਾਰ ਮੈਂ ਆ ਜਾਏਗਾ।
ਚੋਰ ਉਚੱਕੋਂ ਕੀ ਕਰੋ ਕਦਰ ਕਿ ਮਾਲੂਮ ਨਹੀਂ
ਕੌਨ ਕਬ ਕੌਨ ਸੀ ਸਰਕਾਰ ਮੇਂ ਆ ਜਾਏਗਾ।”
ਰਵੀਸ਼ ਕੁਮਾਰ ਦੀ ਪੱਤਰਕਾਰੀ ਦਾ ਸਿਖਰ ਉਸ ਦੇ ‘ਬੋਲ ਬੰਦਿਆ’ ਵਿੱਚ ਲੇਖ ‘ਖੌਫ ਭਰਨ ਦਾ ਕੌਮੀ ਮਨਸੂਬਾ' ਉਜਾਗਰ ਕਰਦਾ ਹੈ, ਜਿਸ ਵਿਚ ਪੱਤਰਕਾਰ ਦੇਸ਼ ਦੇ ਪ੍ਰਧਾਨ-ਮੰਤਰੀ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ, ਪੱਤਰਕਾਰਾ ਗੌਰੀ ਲੰਕੇਸ਼ ਦੇ ਕਤਲ ਨੂੰ 'ਕੁੱਤੀ ਦੇ ਮਰਨ ਅਤੇ ਕਤੂਰਿਆਂ ਦੇ ਵਿਲਕਣ’ ਕਹਿਣ ਅਤੇ ਘਟੀਆ ਟਨੀਟ ਕਰਨ ਵਾਲਿਆਂ ਦੇ ਪ੍ਰਧਾਨ ਮੰਤਰੀ ਵੱਲੋਂ ਫਾਲੋ ਕਰਨ 'ਤੇ ਲੱਖ ਲਾਅਨਤਾਂ.ਪਾਉਂਦਾ ਹੈ। ਇਹ ਕਿਹੋ ਜਿਹੀ ਆਜ਼ਾਦੀ ਹੈ ਤੇ ਦੇਸ਼ ਅੰਦਰ ਕਿਹੋ ਜਿਹਾ ਲੋਕ ਰਾਜ ਹੈ? ਕਿਸੇ ਸਮੇਂ ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ, ਸੰਤਾਲੀ ਮਗਰੋਂ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਪੁੱਛੇ ਇਹ ਸਵਾਲ ਕਿ ਬਾਬਾ ਜੀ, ਤੁਹਾਡੀ ਕਮਰ ਝੁਕ ਗਈ ਹੈ, ਦੇ ਜਵਾਬ 'ਚ ਬਾਬਾ ਭਕਨਾ ਨੇ ਕਿਹਾ ਸੀ - 'ਅੰਗਰੇਜ਼ ਤਾਂ ਉਨ੍ਹਾਂ ਦੀ ਪਿੱਠ 'ਚ ਕੁੱਬ ਨਾ ਪਾ ਸਕੇ, ਪਰ ਆਜ਼ਾਦ ਦੇਸ਼ ਦੀ ਆਪਣੀ ਸਰਕਾਰ ਨੇ ਜ਼ਰੂਰ ਪਾ ਦਿੱਤਾ।' ਅੱਜ ਜੇਲ੍ਹਾਂ ਅੰਦਰ ਤਾੜੇ ਬੁੱਧੀਜੀਵੀ, ਅਪਾਹਜ ਵਿਅਕਤੀ ਅਤੇ ਸਿਆਸੀ ਆਲੋਚਕ ਵੀ ਬਾਬਾ ਭਕਨਾ ਵਾਂਗ ਹੀ ਮਹਿਸੂਸ ਕਰ ਰਹੇ ਹਨ। 'ਸ਼ੇਰਾਂ ਦੀ ਮਾਰਾਂ ਤੇ ਗਿੱਦੜਾਂ ਦੀਆਂ ਕਲੋਲਾਂ' ਵਾਂਗ ਜਿਹੜੇ ਕੋੜਮੇ ਨੇ ਆਜ਼ਾਦੀ 'ਚ ਹਿੱਸਾਂ ਪਾਉਣ ਦੀ ਥਾਂ, ਅੰਗਰੇਜ਼-ਪ੍ਰਸਤੀ ਕੀਤੀ, ਅੱਜ ਉਹ ਆਜ਼ਾਦੀ ਦੇ ਪ੍ਰਵਾਨਿਆਂ ਤੋ' 'ਦੇਸ਼ ਪਿਆਰ' ਦੇ ਪ੍ਰਮਾਣ ਮੰਗ ਰਹੇ ਹਨ। ਦੇਸ਼ ਅੰਦਰ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਸਿਆਸਤ ਦਾ ਅਪਰਾਧੀਕਰਨ, ਭ੍ਰਿਸ਼ਟਾਚਾਰ, ਜਬਰ- ਜਿਨਾਹ ਅਤੇ ਥਾਂ- ਥਾਂ ਮਨੁੱਖੀ ਕਤਲੇਆਮ ਹੋ ਰਹੇ ਹਨ। ਅਜਿਹੀ ਹਾਲਤ 'ਚ ਹਰ ਬਸ਼ਰ ਦੇ ਜ਼ਿਹਨ 'ਚ ਅਲਾਮਾ ਇਕਬਾਲ ਦਾ ਇਹ ਸ਼ੇਅਰ ਚੋਟਾਂ ਮਾਰ ਰਿਹਾ ਹੈ:
“ਮੁੱਦਤੇ' ਗੁਜ਼ਰੀ ਹੈਂ ਇਤਨੀਂ ਰੰਜੇ ਗ਼ਮ ਸਹਿਤੇ ਹੂਏ।
ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।”
‘ਬੋਲ ਬੰਦਿਆ’ ਰਾਹੀਂ ਰਵੀਸ਼ ਕੁਮਾਰ ਨੇ ਮੁੱਖ ਧਾਰਾ ਮੀਡੀਆ ਦੀ ਅਸਲੀਅਤ ਨੂੰ ਬਿਆਨ ਕਰਦਿਆਂ ਸਹੀ ਕਿਹਾ ਹੈ ਕਿ ਹੁਣ ਖੋਫ ਤੋਂ ਆਜ਼ਾਦੀ ਦਾ ਮਾਅਨਾ ਮੁੱਖਧਾਰਾ ਦੇ ਮੀਡੀਆ ਤੋਂ ਆਜ਼ਾਦੀ ਹੈ। ਵਿਕਾਊ ਤੇ ਗੋਦੀ ਮੀਡੀਏ ਦੀ ਦਿਸ਼ਾ ਅਤੇ ਦਸ਼ਾ ਬਾਰੇ ਪੱਤਰਕਾਰਾ ਨੇ ਕਰਾਰੀ ਚੋਟ ਕੀਤੀ ਹੈ। ਦੇਸ਼ ਅੰਦਰ ਫੈਲੇ ਪਾਖੰਡਵਾਦ ਅਤੇ ਬਾਬਾਵਾਂਦ ਬਾਰੇ ਪੱਤਰਕਾਰ ਵਿਅੰਗ ਭਰਪੂਰ ਟਿੱਪਣੀ ਕਰਦਾ ਆਖਦਾ ਹੈ – “ਸਾਡੇ ਦੌਰ 'ਚ ਕਈ ਤਰ੍ਹਾਂ ਦੇ ਗੁਰਮੀਤ ਰਾਮ ਰਹੀਮ, ਕਈ ਤਰ੍ਹਾਂ ਦੀ ਅਤਰ ਫੁਲੇਲਾਂ ਵਿੱਚ ਲਿਪਟੇ ਹੋਏ ਮਿਲ ਜਾਂਦੇ ਹਨ। ਇਸ ਨੂੰ ਦਿਲ ਉੱਤੇ ਲਗਾਉਣ ਦੀ ਲੋੜ ਨਹੀਂ। ਇਹ ਇੰਡੀਆ ਹੈ।”
ਡਾ. ਗੁਰਵਿੰਦਰ ਸਿੰਘ
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ ਐਬਟਸਫੋਰਡ, ਕਨੇਡਾ