ਨਵੀਂ ਦਿੱਲੀ : ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਲੋਕ ਸਭਾ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਜਲੰਧਰ ਦੇ ਲਤੀਫਪੁਰਾ ਵਿਚ ਬੇਘਰ ਹੋਏ ਲੋਕਾਂ ਦਾ ਮੁੱਦਾ ਚੁੱਕਿਆ। ਇਸ ਦੌਰਾਨ ਉਹਨਾਂ ਨੇ ਸ਼ਹਿਰੀ ਮਾਮਲਿਆਂ ਅਤੇ ਮਕਾਨ ਉਸਾਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਦਖਲ ਦੀ ਮੰਗ ਕੀਤੀ। ਰਵਨੀਤ ਬਿੱਟੂ ਨੇ ਸਦਨ ਨੂੰ ਦੱਸਿਆ ਕਿ ਅਸੀਂ ਲੋਕਾਂ ਨੂੰ ਘਰ ਦੇਣ ਦੀ ਗੱਲ ਕਰਦੇ ਹਾਂ ਪਰ ਠੰਢ ਦੇ ਮੌਸਮ ਵਿਚ ਜਲੰਧਰ ਵਿਖੇ ਲੋਕਾਂ ਨੂੰ ਬੇਘਰ ਕਰ ਦਿੱਤਾ ਗਿਆ। ਕੇਂਦਰੀ ਮੰਤਰੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਹਨਾਂ ਕਿਹਾ ਕਿ 70 ਸਾਲ ਪਹਿਲਾਂ ਪਾਕਿਸਤਾਨ ਤੋਂ ਆ ਕੇ ਜਲੰਧਰ ਵਿਚ ਵਸੇ ਲੋਕਾਂ ਦੇ 100 ਘਰਾਂ ਉੱਤੇ ਸਰਕਾਰ ਨੇ ਬੁਲਡੋਜ਼ਰ ਚਲਾਇਆ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਖੁਦ ਇਕ ਪੰਜਾਬੀ ਹਨ, ਉਹਨਾਂ ਨੂੰ ਇਸ ਮਾਮਲੇ ਵਿਚ ਦਖ਼ਲ ਦੇਣਾ ਚਾਹੀਦਾ ਹੈ। ਬੇਘਰ ਹੋਏ ਲੋਕਾਂ ਨੂੰ ਘਰ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ। ਸੰਸਦ ਮੈਂਬਰ ਨੇ ਕਿਹਾ ਕਿ ਵਿਦੇਸ਼ ਦੀਆਂ ਸੰਸਥਾਵਾਂ ਬੇਘਰ ਹੋਏ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਹਨ ਪਰ ਕੀ ਅਸੀਂ ਮਰੇ ਹੋਏ ਹਾਂ? ਇਸ ਦੇ ਜਵਾਬ ਵਿਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਉਹ ਸਿਰਫ਼ ਦਿਲ ਤੋਂ ਹੀ ਨਹੀਂ ਸਗੋਂ ਪੂਰੀ ਤਰ੍ਹਾਂ ਇਕ ਪੰਜਾਬੀ ਹਨ ਅਤੇ ਉਹਨਾਂ ਨੂੰ ਪੰਜਾਬੀ ਹੋਣ ’ਤੇ ਮਾਣ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ’ਤੇ ਸੰਸਦ ਮੈਂਬਰ ਦੀਆਂ ਭਾਵਨਾਵਾਂ ਦਾ ਸਮਰਥਨ ਕਰਦੇ ਹਨ। ਬੇਘਰ ਕੀਤੇ ਗਏ ਲੋਕਾਂ ਨੂੰ ਰਾਹਤ ਦਿੱਤੀ ਜਾਣੀ ਚਾਹੀਦੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਵੀ ਇਸ ਤਰ੍ਹਾਂ ਬੇਘਰ ਨਹੀਂ ਕੀਤਾ ਜਾ ਸਕਦਾ।