ਨਵੀਂ ਦਿੱਲੀ, 21 ਦਸੰਬਰ 2024 : ਜੀਐਸਟੀ ਕੌਂਸਲ ਦੀ ਮੀਟਿੰਗ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਰਾਜਸਥਾਨ ਦੇ ਜੈਸਲਮੇਰ 'ਚ ਹੋਈ ਇਸ ਬੈਠਕ 'ਚ ਕੁਝ ਅਹਿਮ ਮੁੱਦਿਆਂ 'ਤੇ ਫੈਸਲਾ ਨਹੀਂ ਹੋ ਸਕਿਆ। ਮੰਤਰੀਆਂ ਦੇ ਸਮੂਹ ਨੇ ਸਿਹਤ ਅਤੇ ਜੀਵਨ ਬੀਮਾ ਪ੍ਰੀਮੀਅਮਾਂ 'ਤੇ ਜੀਐਸਟੀ ਘਟਾਉਣ ਦਾ ਪ੍ਰਸਤਾਵ ਦਿੱਤਾ ਸੀ, ਜਿਸ 'ਤੇ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਜੀਐਸਟੀ ਕੌਂਸਲ ਦੀ ਅਗਲੀ ਮੀਟਿੰਗ ਵਿੱਚ ਇਸ ਬਾਰੇ ਵਿਚਾਰ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਜੀਐਸਟੀ ਕੌਂਸਲ ਦੀ 55ਵੀਂ ਮੀਟਿੰਗ ਵਿੱਚ ਇਸ ਅਹਿਮ ਮੁੱਦੇ ’ਤੇ ਕੋਈ ਫੈਸਲਾ ਨਹੀਂ ਲਿਆ ਜਾ ਸਕਿਆ ਕਿਉਂਕਿ ਇਸ ਬਾਰੇ ਹੋਰ ਸਪੱਸ਼ਟੀਕਰਨ ਦੀ ਲੋੜ ਹੈ। ਕੌਂਸਲ ਨੇ ਮੰਤਰੀਆਂ ਦੇ ਸਮੂਹ (ਜੀਓਐਮ) ਨੂੰ ਆਪਣੀ ਰਿਪੋਰਟ ਨੂੰ ਹੋਰ ਵਿਆਪਕ ਬਣਾਉਣ ਲਈ ਵਾਧੂ ਜਾਣਕਾਰੀ ਸ਼ਾਮਲ ਕਰਨ ਲਈ ਕਿਹਾ ਹੈ। ਇਹ ਖਬਰ ਆਮ ਲੋਕਾਂ ਲਈ ਇੱਕ ਵੱਡਾ ਝਟਕਾ ਹੈ, ਜੋ ਸਿਹਤ ਅਤੇ ਜੀਵਨ ਬੀਮਾ ਪ੍ਰੀਮੀਅਮਾਂ ਵਿੱਚ ਕਟੌਤੀ ਦੀ ਉਮੀਦ ਕਰ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਸਿਹਤ ਬੀਮਾ, ਮਿਆਦੀ ਜੀਵਨ ਬੀਮਾ ਅਤੇ ਯੂਨਿਟ-ਲਿੰਕਡ ਬੀਮਾ ਯੋਜਨਾਵਾਂ 18% ਜੀਐਸਟੀ ਦੇ ਦਾਇਰੇ ਵਿੱਚ ਆਉਂਦੀਆਂ ਹਨ। ਇਸ ਬੈਠਕ 'ਚ ਪੌਪਕੌਰਨ 'ਤੇ ਜੀਐੱਸਟੀ ਦੀਆਂ ਨਵੀਆਂ ਦਰਾਂ 'ਤੇ ਸਹਿਮਤੀ ਬਣੀ ਹੈ। ਲੂਣ ਅਤੇ ਮਸਾਲਿਆਂ ਨਾਲ ਮਿਲਾਏ ਜਾਣ ਵਾਲੇ ਤਿਆਰ ਪੌਪਕੌਰਨ (ਪੈਕ ਕੀਤੇ ਨਹੀਂ) 'ਤੇ 5% ਜੀਐਸਟੀ ਲਗਾਇਆ ਗਿਆ ਹੈ। ਜਦੋਂ ਕਿ ਪਹਿਲਾਂ ਤੋਂ ਪੈਕ ਕੀਤੇ ਅਤੇ ਲੇਬਲ ਕੀਤੇ ਪੌਪਕਾਰਨ 'ਤੇ 12% ਜੀਐਸਟੀ ਲੱਗੇਗਾ। ਇਸੇ ਤਰ੍ਹਾਂ, ਕੈਰੇਮਲ ਪੌਪਕੌਰਨ 18% ਜੀਐਸਟੀ ਦੇ ਦਾਇਰੇ ਵਿੱਚ ਆਵੇਗਾ। ਇਸ ਦੇ ਨਾਲ ਹੀ, ਇਲੈਕਟ੍ਰਿਕ (ਈਵੀ) ਸਮੇਤ ਸਾਰੀਆਂ ਪੁਰਾਣੀਆਂ ਕਾਰਾਂ ਦੀ ਵਿਕਰੀ 'ਤੇ ਜੀਐਸਟੀ ਨੂੰ 12% ਤੋਂ ਵਧਾ ਕੇ 18% ਕਰਨ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ, ਜੀਐਸਟੀ ਵਿੱਚ ਇਹ ਬਦਲਾਅ ਸਿਰਫ ਕੰਪਨੀਆਂ ਜਾਂ ਡੀਲਰਾਂ ਦੁਆਰਾ ਵੇਚੀਆਂ ਗਈਆਂ ਕਾਰਾਂ ਨਾਲ ਸਬੰਧਤ ਲੈਣ-ਦੇਣ 'ਤੇ ਲਾਗੂ ਹੋਵੇਗਾ। ਪੁਰਾਣੀਆਂ ਕਾਰਾਂ ਖਰੀਦਣ ਅਤੇ ਵੇਚਣ ਵਾਲੇ ਲੋਕਾਂ ਨੂੰ ਸਿਰਫ 12% ਦੀ ਦਰ ਨਾਲ GST ਅਦਾ ਕਰਨਾ ਹੋਵੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਈ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਜ਼ੋਮੈਟੋ ਵਰਗੀਆਂ ਫੂਡ ਡਿਲੀਵਰੀ ਕੰਪਨੀਆਂ ਨੂੰ ਵੀ ਰਾਹਤ ਨਾ ਮਿਲਣ ਦੀ ਖਬਰ ਹੈ। ਜੀਐਸਟੀ ਵਿੱਚ ਛੋਟ ਬਾਰੇ ਫੈਸਲਾ ਨਹੀਂ ਲਿਆ ਗਿਆ ਹੈ। ਅਗਲੀ ਮੀਟਿੰਗ ਵਿੱਚ ਇਸ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਫੋਰਟੀਫਾਈਡ ਰਾਈਸ ਕਰਨਲ 'ਤੇ ਜੀਐਸਟੀ ਦੀ ਦਰ 18% ਤੋਂ ਘਟਾ ਕੇ 5% ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ, 50% ਤੋਂ ਵੱਧ ਫਲਾਈ ਐਸ਼ ਵਾਲੇ ਆਟੋਕਲੇਵਡ ਏਰੀਟਿਡ ਕੰਕਰੀਟ (ਏਸੀਸੀ) ਦੇ ਬਲਾਕਾਂ 'ਤੇ ਜੀਐਸਟੀ ਨੂੰ 18% ਤੋਂ ਘਟਾ ਕੇ 12% ਕਰ ਦਿੱਤਾ ਗਿਆ ਹੈ।