ਬੰਗਾਲ ਦੇ ਦੱਖਣੀ ਪਰਗਨਾ 'ਚ ਹੋਇਆ ਧਮਾਕਾ, ਬੱਚਿਆਂ ਸਮੇਤ ਇਕ ਪਰਿਵਾਰ ਦੇ 8 ਮੈਂਬਰਾਂ ਦੀ ਮੌਤ 

ਸੁੰਦਰਬਨ, 1 ਅਪ੍ਰੈਲ 2025 : ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲੇ ਦੇ ਸੁੰਦਰਬਨ ਦੇ ਪਥਰਪ੍ਰਤਿਮਾ ਖੇਤਰ 'ਚ ਸੋਮਵਾਰ ਰਾਤ ਨੂੰ ਇਕ ਘਰ-ਕਮ-ਫੈਕਟਰੀ ਦੇ ਅੰਦਰ ਸਟੋਰ ਕੀਤੇ ਪਟਾਕਿਆਂ 'ਚ ਧਮਾਕਾ ਹੋਣ ਕਾਰਨ ਬੱਚਿਆਂ ਸਮੇਤ ਇਕ ਪਰਿਵਾਰ ਦੇ ਅੱਠ ਮੈਂਬਰਾਂ ਦੀ ਮੌਤ ਹੋ ਗਈ। ਸਥਾਨਕ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਧਮਾਕਾ ਚੰਦਰਕਾਂਤ ਬਨਿਕ ਦੇ ਘਰ-ਕਮ-ਫੈਕਟਰੀ ਦੇ ਅੰਦਰ ਹੋਇਆ। ਘੱਟੋ-ਘੱਟ ਤਿੰਨ ਹੋਰ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਡਾਇਮੰਡ ਹਾਰਬਰ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਅਨੁਸਾਰ, ਇਹ ਧਮਾਕਾ ਸੁੰਦਰਬਨ ਦੇ ਢੋਲਾਹਾਟ ਇਲਾਕੇ ਵਿੱਚ ਬਨਿਕ ਪਰਿਵਾਰ ਦੇ ਘਰ ਵਿੱਚ ਹੋਇਆ। ਇਹ ਪਰਿਵਾਰ ਕਈ ਸਾਲਾਂ ਤੋਂ ਇੱਥੇ ਪਟਾਕੇ ਬਣਾਉਣ ਦਾ ਕੰਮ ਕਰ ਰਿਹਾ ਸੀ। ਘਰ ਵਿੱਚ ਕੁੱਲ 11 ਮੈਂਬਰ ਰਹਿੰਦੇ ਸਨ, ਜਿਨ੍ਹਾਂ ਵਿੱਚੋਂ ਚਾਰ ਅਜੇ ਵੀ ਲਾਪਤਾ ਹਨ। ਇਸ ਧਮਾਕੇ ਕਾਰਨ ਘਰ ਵਿੱਚ ਰੱਖੇ ਪਟਾਕਿਆਂ ਨੂੰ ਅੱਗ ਲੱਗ ਗਈ ਅਤੇ ਇੱਕ ਵੱਡਾ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰਾ ਘਰ ਢਹਿ ਗਿਆ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਹਫੜਾ ਦਫੜੀ ਮਚ ਗਈ। ਇਸ ਦਰਦਨਾਕ ਹਾਦਸੇ ਵਿੱਚ 8 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕਈ ਹੋਰਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। ਮਾਰੇ ਗਏ ਲੋਕਾਂ ਵਿੱਚ 4 ਬੱਚੇ ਵੀ ਸ਼ਾਮਲ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਮੌਕੇ 'ਤੇ ਪਹੁੰਚੇ ਪਾਥਰਪ੍ਰਤਿਮਾ ਤੋਂ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸਮੀਰ ਕੁਮਾਰ ਜਾਨਾ ਨੇ ਕਿਹਾ ਕਿ ਇਹ ਲਾਇਸੰਸਸ਼ੁਦਾ ਫੈਕਟਰੀ ਸੀ।