ਬਾਂਦੀਪੋਰਾ, 4 ਜਨਵਰੀ 2025 : ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਇਲਾਕੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਸ਼ਨੀਵਾਰ ਨੂੰ ਭਾਰਤੀ ਫੌਜ ਦਾ ਇੱਕ ਵਾਹਨ ਖਾਈ ਵਿੱਚ ਡਿੱਗ ਗਿਆ, ਜਿਸ ਵਿੱਚ ਚਾਰ ਜਵਾਨਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਹਾਦਸੇ 'ਚ ਤਿੰਨ ਜਵਾਨਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ, ਜਿਨ੍ਹਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਹੈ। ਜੰਮੂ-ਕਸ਼ਮੀਰ ਪੁਲਿਸ ਅਤੇ ਸੁਨਾ ਦੇ ਕਈ ਜਵਾਨ ਮੌਕੇ 'ਤੇ ਬਚਾਅ ਕਾਰਜ 'ਚ ਲੱਗੇ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਜ਼ਿਲੇ ਦੇ ਐੱਸਕੇ ਪਯਾਨ ਨੇੜੇ ਫੌਜ ਦਾ ਇਕ ਵਾਹਨ ਸੜਕ ਤੋਂ ਫਿਸਲ ਕੇ ਖਾਈ 'ਚ ਡਿੱਗ ਗਿਆ। ਅਜੇ ਤੱਕ ਇਸ ਹਾਦਸੇ 'ਚ ਕਿਸੇ ਅੱਤਵਾਦੀ ਐਂਗਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਫਿਲਹਾਲ ਪੁਲਸ ਅਤੇ ਫੌਜ ਦੇ ਜਵਾਨਾਂ ਵਲੋਂ ਬਚਾਅ ਕਾਰਜ ਜਾਰੀ ਹੈ ਅਤੇ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਬਲਨੋਈ ਸੈਕਟਰ ਵਿੱਚ 24 ਦਸੰਬਰ 2024 ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਸੀ। ਹਾਦਸੇ ਵਿੱਚ ਫੌਜ ਦੀ ਇੱਕ ਗੱਡੀ 300 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਇਹ ਹਾਦਸਾ ਪੁੰਛ ਸੈਕਟਰ ਵਿੱਚ ਅਪਰੇਸ਼ਨਲ ਡਿਊਟੀ ਦੌਰਾਨ ਵਾਪਰਿਆ। ਇਸ ਹਾਦਸੇ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ। ਠੀਕ ਚਾਰ ਦਿਨ ਪਹਿਲਾਂ ਯਾਨੀ 31 ਦਸੰਬਰ 2024 ਨੂੰ ਪੁੰਛ ਜ਼ਿਲ੍ਹੇ ਦੇ ਮੇਂਢਰ ਵਿੱਚ ਐਲਓਸੀ ਨੇੜੇ ਬਲਨੋਈ ਖੇਤਰ ਵਿੱਚ ਫੌਜ ਦੀ ਇੱਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਹ ਹਾਦਸਾ ਸ਼ਾਮ ਛੇ ਵਜੇ ਵਾਪਰਿਆ, ਜਦੋਂ ਫੌਜ ਦੀ ਗੱਡੀ ਕਈ ਜਵਾਨਾਂ ਨੂੰ ਲੈ ਕੇ ਅਪਰੇਸ਼ਨਲ ਡਿਊਟੀ ’ਤੇ ਜਾ ਰਹੀ ਸੀ। ਰਸਤੇ ਵਿੱਚ ਹਾਦਸਾ ਵਾਪਰ ਗਿਆ ਅਤੇ ਫੌਜ ਦੀ ਗੱਡੀ ਕਰੀਬ 100 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਵੀ ਪੰਜ ਜਵਾਨਾਂ ਦੀ ਮੌਤ ਹੋ ਗਈ ਅਤੇ ਪੰਜ ਗੰਭੀਰ ਜ਼ਖ਼ਮੀ ਹੋ ਗਏ।