ਖਰਗੋਨ, 09 ਮਈ : ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਵਿਚ ਇਕ ਬੱਸ ਪੁਲ ਤੋਂ ਹੇਠਾਂ ਨਦੀ ਵਿੱਚ ਡਿੱਗ ਗਈ। ਇਸ ਹਾਦਸੇ 'ਚ ਹੁਣ ਤੱਕ 22 ਯਾਤਰੀਆਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ 33 ਯਾਤਰੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਇਹ ਹਾਦਸਾ ਜ਼ਿਲ੍ਹੇ ਦੇ ਊਨ ਥਾਣੇ ਦੇ ਦਸੰਗਾ ਨੇੜੇ ਡੋਂਗਰਗਾਂਵ ਪੁਲ ਉਤੇ ਵਾਪਰਿਆ। ਜਿੱਥੇ ਸਵਾਰੀਆਂ ਨਾਲ ਭਰੀ ਬੱਸ ਕਰੀਬ 50 ਫੁੱਟ ਹੇਠਾਂ ਡਿੱਗ ਗਈ। ਦੂਜੇ ਪਾਸੇ ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਾਂ ਸ਼ਾਰਦਾ ਟਰੈਵਲਜ਼ ਦੀ ਬੱਸ ਖਰਗੋਨ ਤੋਂ ਇੰਦੌਰ ਜਾ ਰਹੀ ਸੀ। ਇਹ ਹਾਦਸਾ ਖਰਗੋਨ-ਠੀਕਰੀ ਰੋਡ 'ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਬੋਰਾੜ ਨਦੀ 'ਤੇ ਇੱਕ ਪੁਲ ਬਣਿਆ ਹੋਇਆ ਹੈ, ਪਰ ਬੱਸ ਅਚਾਨਕ ਬੇਕਾਬੂ ਹੋ ਕੇ ਹੇਠਾਂ ਡਿੱਗ ਗਈ। ਬੱਸ ਡਿੱਗਦੇ ਹੀ ਹਫੜਾ-ਦਫੜੀ ਮਚ ਗਈ। ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੋਰਾੜ ਨਦੀ ਖੁਸ਼ਕ ਹੈ, ਜਿਸ ਕਾਰਨ ਬੱਸ 'ਚ ਸਵਾਰ ਯਾਤਰੀ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਆਈਜੀ ਰਾਕੇਸ਼ ਗੁਪਤਾ ਨੇ ਦੱਸਿਆ ਕਿ ਬੱਸ ਖਰਗੋਨ ਤੋਂ ਇੰਦੌਰ ਜਾ ਰਹੀ ਸੀ। ਬੱਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਬੱਸ ਰੇਲਿੰਗ ਤੋੜ ਕੇ ਪੁਲ ਤੋਂ ਹੇਠਾਂ ਜਾ ਡਿੱਗੀ। ਉਨ੍ਹਾਂ ਦੱਸਿਆ ਕਿ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਡੋਂਗਰਗਾਓਂ ਵਾਸੀ ਰਾਜ ਪਾਟੀਦਾਰ ਅਨੁਸਾਰ ਮਾਂ ਸ਼ਾਰਦਾ ਟਰੈਵਲਜ਼ ਦੀ ਬੱਸ ਵਿੱਚ ਕਰੀਬ 40 ਲੋਕ ਸਵਾਰ ਸਨ। ਹਾਦਸੇ ਤੋਂ ਬਾਅਦ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ। ਜਦੋਂ ਤੱਕ ਪੁਲੀਸ ਮੌਕੇ ’ਤੇ ਪੁੱਜੀ, ਪਿੰਡ ਵਾਸੀਆਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਇੱਕ ਪਿੰਡ ਵਾਸੀ ਨੇ ਦੱਸਿਆ ਕਿ ਬੱਸ ਦੇ ਅੰਦਰੋਂ ਰੌਲਾ ਪਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਕੁਝ ਖੂਨ ਨਾਲ ਲੱਥਪੱਥ ਸਨ ਅਤੇ ਕੁਝ ਮਦਦ ਲਈ ਪੁਕਾਰ ਰਹੇ ਸਨ।