
ਨਵੀਂ ਦਿੱਲੀ, 27 ਅਪ੍ਰੈਲ, 2025 (ANI) : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇਸਦੀ ਸ਼ੁਰੂਆਤ ਪਹਿਲਗਾਮ ਹਮਲੇ ਨਾਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ISRO ਦੇ ਮਹਾਨ ਵਿਗਿਆਨੀ ਡਾ. ਕਸਤੂਰੀਰੰਗਨ ਦੇ ਦੇਹਾਂਤ 'ਤੇ ਸੋਗ ਪ੍ਰਗਟਾਇਆ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਫੋਨ 'ਚ 'ਸਚੇਤ ਐਪ' ਜ਼ਰੂਰ ਰੱਖਣ। ਪਿਛਲੇ ਮਹੀਨੇ ਮਿਆਂਮਾਰ 'ਚ ਆਏ ਭੂਚਾਲ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤੀ ਬਚਾਅ ਟੀਮ ਨੇ ਆਪਰੇਸ਼ਨ ਬ੍ਰਹਮਾ ਤਹਿਤ ਮਿਆਂਮਾਰ ਤੇ ਥਾਈਲੈਂਡ 'ਚ ਕਈ ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢਿਆ। ਭਾਰਤ ਵਿਚ ਅਜਿਹੀਆਂ ਕੁਦਰਤੀ ਆਫਤਾਂ ਤੋਂ ਬਚਣ ਲਈ 'ਸਚੇਤ ਐਪ' ਲਾਂਚ ਕੀਤਾ ਗਿਆ ਹੈ।
ਮਨ ਕੀ ਬਾਤ ਦੇ 121ਵੇਂ ਐਪੀਸੋਡ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ -
"ਕੁਦਰਤੀ ਆਫ਼ਤਾਂ ਨਾਲ ਨਜਿੱਠਣ 'ਚ ਤੁਹਾਡੀ ਚੌਕਸੀ, ਤੁਹਾਡਾ ਸਚੇਤ ਰਹਿਣਾ ਬਹੁਤ ਜ਼ਰੂਰੀ ਹੈ। ਇਸ ਲਈ ਤੁਹਾਨੂੰ ਆਪਣੇ ਫੋਨ 'ਚ ਇਕ ਵਿਸ਼ੇਸ਼ ਐਪ ਦੀ ਮਦਦ ਮਿਲ ਸਕਦੀ ਹੈ। ਇਸ ਦਾ ਨਾਂ 'ਸਚੇਤ ਐਪ' ਹੈ। ਕੌਮੀ ਆਫਤ ਮੈਨੇਜਮੈਂਟ ਅਥਾਰਟੀ (NDMA) ਨੇ ਇਸ ਐਪ ਨੂੰ ਤਿਆਰ ਕੀਤਾ ਹੈ।"
ਆਫਤ ਤੋਂ ਸਾਵਧਾਨੀ
ਮਨ ਕੀ ਬਾਤ ਪ੍ਰੋਗਰਾਮ ਦੌਰਾਨ 'ਸਚੇਤ ਐਪ' ਦੇ ਫਾਇਦੇ ਗਿਣਵਾਉਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ "ਹੜ੍ਹ, ਚਕਰਵਾਤ, ਸੁਨਾਮੀ, ਜੰਗਲਾਂ 'ਚ ਅੱਗ, ਬਰਫ਼ ਦੇ ਤੋਦੇ ਖਿਸਕਣੇ, ਹਨੇਰੀ, ਤੂਫਾਨ ਅਤੇ ਬਿਜਲੀ ਡਿੱਗਣ ਵਾਲੀਆਂ ਆਫਤਾਂ ਤੋਂ ਪਹਿਲਾਂ 'ਸਚੇਤ' ਐਪ ਤੁਹਾਨੂੰ ਸੂਚਿਤ ਕਰ ਦੇਵੇਗਾ। ਇਹ ਐਪ ਖੇਤਰੀ ਭਾਸ਼ਾਵਾਂ 'ਚ ਵੀ ਜਾਣਕਾਰੀ ਪ੍ਰਦਾਨ ਕਰਦਾ ਹੈ।"
ਮੌਸਮ ਨਾਲ ਜੁੜੀ ਜਾਣਕਾਰੀ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ "'ਸਚੇਤ ਐਪ' ਜ਼ਰੀਏ ਮੌਸਮ ਨਾਲ ਜੁੜੀ ਜਾਣਕਾਰੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਮੌਸਮ ਵਿਭਾਗ ਦੇ ਸਾਰੇ ਵੱਡੇ ਅਪਡੇਟ ਇਸ ਐਪ 'ਚ ਵੇਖੇ ਜਾ ਸਕਦੇ ਹਨ। ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਐਪ ਦਾ ਇਸਤੇਮਾਲ ਕਰੋ ਤੇ ਜੋ ਵੀ ਅਨੁਭਵ ਹੋਵੇ, ਉਹ ਸਾਡੇ ਨਾਲ ਜ਼ਰੂਰ ਸਾਂਝਾ ਕਰੋ।"
'ਸਚੇਤ ਐਪ' ਕੀ ਹੈ?
ਗੱਲ ਕਰੀਏ 'ਸਚੇਤ ਐਪ' ਦੀ, ਇਹ ਕੌਮੀ ਆਫ਼ਤ ਮੈਨੇਜਮੈਂਟ ਅਥਾਰਟੀ (NDMA) ਵੱਲੋਂ ਲਾਂਚ ਕੀਤਾ ਗਿਆ ਸੀ। ਇਸ ਐਪ 'ਤੇ ਯੂਜ਼ਰ ਦੀ ਮੌਜੂਦਾ ਸਥਿਤੀ ਮੁਤਾਬਕ ਅਲਰਟ ਮਿਲਦਾ ਹੈ। ਇਹ ਐਪ ਤੁਹਾਡੇ ਸੂਬੇ ਤੇ ਜ਼ਿਲ੍ਹੇ ਵਿਚ ਆਉਣ ਵਾਲੀਆਂ ਕੁਦਰਤੀ ਆਫ਼ਰਤਾਂ ਬਾਰੇ ਯੂਜ਼ਰ ਨੂੰ ਸੂਚਿਤ ਕਰਦਾ ਹੈ। ਨਾਲ ਹੀ ਇਸ 'ਤੇ ਭਾਰਤੀ ਮੌਸਮ ਵਿਭਾਗ (IMD) ਦੀ ਤਾਜ਼ਾ ਮੌਸਮ ਅਪਡੇਟ ਵੀ ਉਪਲਬਧ ਰਹਿੰਦੀ ਹੈ।