ਰਾਏਕੋਟ : ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਕੋਠੀ ਬੱਸੀਆਂ ਵਿਖੇ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ ਗਿਆ ਜਿੱਥੇ ਸੈਲਾਨੀਆਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਨਾਲ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਐਸਡੀਐਮ ਗੁਰਬੀਰ ਸਿੰਘ ਕੋਹਲੀ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਜਗਰਾਉਂ ਰੋਡ ਸਥਿਤ ਬੱਸੀਆਂ ਸੀਲੋਆਣੀ ਦੀ ਹੱਦ 'ਤੇ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਸਥਾਪਤ ਹੈ ਅਤੇ ਇਸੇ ਸਥਾਨ 'ਤੇ ਬਾਲ ਅਵਸਥਾ ਵਾਲੇ ਆਖ਼ਰੀ ਸਿੱਘ ਮਹਾਰਾਜਾ ਦਲੀਪ ਸਿੰਘ ਵੱਲੋਂ ਵਲਾਇਤ ਜਾਣ ਲੱਗਿਆਂ ਆਖ਼ਰੀ ਰਾਤ ਕੱਟੀ ਸੀ। ਇਸ ਦੀ ਉਸਾਰੀ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਦੀ ਪਹਿਲਕਦਮੀ 'ਤੇ ਪੰਜਾਬ ਸਰਕਾਰ ਨੇ 2010-2014 ਦੌਰਾਨ ਕਰੀਬ 5.80 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਈ ਗਈ ਸੀ। ਐਸਡੀਐਮ ਕੋਹਲੀ ਨੇ ਇਹ ਵੀ ਦੱਸਿਆ ਕਿ ਆਏ ਹੋਏ ਸੈਲਾਨੀਆਂ ਨੂੰ ਅੱਜ ਵਿਸ਼ਵ ਸੈਰ ਸਪਾਟਾ ਦਿਵਸ ਅਤੇ ਮਹਾਰਾਜਾ ਦਲੀਪ ਸਿੰਘ ਬੱਸੀਆਂ ਕੋਠੀ ਦੇ ਇਤਿਹਾਸ ਬਾਰੇ ਜਾਣੂੰ ਕਰਵਾਇਆ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਸਵਾਗਤੀ ਫਲੈਕਸਾਂ ਵੀ ਲਗਾਈਆਂ ਗਈਆਂ ਅਤੇ ਸੈਲਫੀ ਪੁਆਇੰਟ ਵੀ ਸਥਾਪਤ ਕੀਤੇ ਗਏ ਸਨ। ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਅੱਜ ਸੈਲਾਨੀਆਂ ਪਾਸੋਂ ਕੋਈ ਐਂਟਰੀ ਫੀਸ ਨਹੀਂ ਲਈ ਗਈ। ਹੁਣ ਇਹ ਰਮਣੀਕ ਸਥਾਨ ਸੈਰ ਸਪਾਟੇ ਪੱਖੋਂ ਮਾਲਵੇ ਦਾ ਪ੍ਰਮੁੱਖ ਕੇਂਦਰ ਬਣ ਚੁੱਕਾ ਹੈ।