
- ਡਿਪਟੀ ਕਮਿਸ਼ਨਰ ਵੱਲੋਂ ਪਿੰਡਾਂ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ
- ਕਿਹਾ, ਬੀ.ਡੀ.ਪੀ.ਓਜ ਚੱਲ ਰਹੇ ਕੰਮਾਂ ਦੀ ਖੁਦ ਨਿਗਰਾਨੀ ਕਰਨ
- ਡਾ ਪੱਲਵੀ ਨੇ ਮਗਨਰੇਗਾ ਤਹਿਤ ਮਿਲਣ ਵਾਲੇ ਕੰਮ ਦੀ ਕੀਤੀ ਸਮੀਖਿਆ
ਮਾਲੇਰਕੋਟਲਾ, 05 ਦਸੰਬਰ 2024 : ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਮਹੀਨਾਵਾਰ ਮੀਟਿੰਗ ਦੌਰਾਨ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਨੂੰ ਓ.ਡੀ.ਐਫ.ਪਲਸ ਮਾਡਲ ਬਣਾਉਣ ਲਈ ਸਬੰਧਤ ਵਿਭਾਗਾਂ ਨੂੰ ਹੋਰ ਤੇਜ਼ੀ ਨਾਲ ਕੰਮ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਬੀ.ਡੀ.ਪੀ.ਓਜ ਚੱਲ ਰਹੇ ਕੰਮਾਂ ਦੀ ਖੁਦ ਮੌਕੇ 'ਤੇ ਜਾਕੇ ਨਿਗਰਾਨੀ ਕਰਨਾ ਯਕੀਨੀ ਬਣਾਉਣ। ਮੀਟਿੰਗ 'ਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਵਦੀਪ ਕੌਰ,ਡੀ.ਡੀ.ਪੀ.ਓ ਰਿੰਪੀ ਗਰਗ, ਬੀ.ਡੀ.ਪੀ.ਓ ਅਹਿਮਦਗੜ੍ਹ ਗੁਰਮੀਤ ਸਿੰਘ, ਬੀ.ਡੀ.ਪੀ.ਓ ਜਗਰਾਜ ਸਿੰਘ, ਏ.ਈ. ਇੰਜ. ਦਵਿੰਦਰ ਸਿੰਘ, ਜੇ.ਈ ਇੰਜ ਜਿਮੀ ਖਾਨ, ਜੇ ਈ ਇੰਜ ਬਹਾਦਰ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਯੋਜਨਾ ਦਾ ਜਾਇਜ਼ਾ ਲੈਂਦਿਆਂ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਨੂੰ ਟੀਚੇ ਪੂਰ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ ਮਗਨਰੇਗਾ ਮਜ਼ਦੂਰਾਂ ਨੂੰ ਪੂਰੇ ਦਿਨ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਸਾਰਥਕ ਰਣਨੀਤੀ ਉਲੀਕੀ ਜਾਵੇ ਅਤੇ ਟੀਚਿਆਂ ਨੂੰ ਸੋ ਫ਼ੀਸਦੀ ਰੱਖਿਆ ਜਾਵੇ। ਡਿਪਟੀ ਕਮਿਸ਼ਨਰ ਨੇ ਪਿੰਡਾਂ 'ਚ ਚੱਲ ਰਹੇ ਵੱਖ ਵੱਖ ਕੰਮਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਅਤੇ ਕਿਹਾ ਕਿ ਮੀਟਿੰਗ ਦੌਰਾਨ ਦਿੱਤੇ ਨਿਰਦੇਸ਼ਾਂ 'ਤੇ ਕੀਤੀ ਗਈ ਕਾਰਵਾਈ ਸਬੰਧੀ ਅਗਲੀ ਮੀਟਿੰਗ ਵਿੱਚ ਰਿਪੋਰਟ ਦਿੱਤੀ ਜਾਵੇ, ਤਾਂ ਜੋ ਕੀਤੀ ਗਈ ਕਾਰਗੁਜ਼ਾਰੀ ਦਾ ਸਹੀ ਮੁਲਾਂਕਣ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਪਿੰਡ ਵਿਖੇ ਬਣਾਏ ਜਾ ਰਹੇ ਸਾਲਿਡ ਵੇਸਟ ਤੇ ਲਿਕੂਅਡ ਵੇਸਟ ਮੈਨੇਜਮੈਟ ਸਿਸਟਮ,ਲਾਇਬਰੇਰੀਆਂ,ਸਾਂਝੇ ਅਤੇ ਨਿੱਜੀ ਪਖਾਨਿਆਂ ਦੀ ਉਸਾਰੀ,ਪਾਰਕਾਂ ਦੇ ਨਿਰਮਾਣ,ਸਾਫ ਸਫਾਈ ਅਤੇ ਪਿੰਡ ਵਿੱਚ ਬਣਾਏ ਜਾ ਰਹੇ ਖੇਡ ਮੈਦਾਨ ਦਾ ਜਾਇਜ਼ਾ ਵਿਸ਼ੇਸ ਤੌਰ ਤੇ ਲਿਆ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਿੰਡਾਂ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਨ੍ਹਾਂ ਕੰਮਾਂ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਪਿੰਡਾਂ ਦੇ ਵੱਧ ਤੋਂ ਵੱਧ ਲੋਕਾਂ ਨੂੰ ਘਰਾਂ ਦਾ ਸੁੱਕਾ ਤੇ ਗਿੱਲ੍ਹਾ ਕੂੜਾ ਵੱਖਰਾ ਕਰਨ ਬਾਰੇ ਵੀ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਕੂੜੇ ਦੀ ਸਹੀ ਸਾਂਭ ਸੰਭਾਲ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਜਿਥੇ ਪਿੰਡਾਂ ਦਾ ਵਾਤਾਵਰਣ ਪ੍ਰਦੂਸ਼ਣ ਮੁਕਤ ਹੋਵੇਗਾ ਉਥੇ ਹੀ ਇਸ ਨਾਲ ਆਲਾ ਦੁਆਲਾ ਵੀ ਸਾਫ ਸੁਥਰਾ ਬਣੇਗਾ ਅਤੇ ਪਿੰਡਾਂ ਦਾ ਵਾਤਾਵਰਣ ਹਰਿਆ ਭਰਿਆ ਬਣਾਉਣ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਵਾਢੀ ਸੀਜ਼ਨ ਦੌਰਾਨ ਪਿੰਡਾਂ ਵਿੱਚ ਪਰਾਲੀ ਪ੍ਰਬੰਧਨ ਲਈ ਜਾਗਰੂਕਤਾ ਮੁਹਿੰਮ ਅਧੀਨ ਨਿਭਾਈਆਂ ਡਿਊਟੀਆਂ ਦੀ ਸਹਾਰਾਨਾ ਵੀ ਕੀਤੀ ।ਉਨ੍ਹਾਂ ਅਧਿਕਾਰੀਆਂ ਨੂੰ ਚੱਲ ਰਹੇ ਕੰਮਾਂ ਨੂੰ ਸਮੇਂ ਸਿਰ ਨੇਪਰੇ ਚੜ੍ਹਾਉਣ ਲਈ ਹਦਾਇਤ ਵੀ ਕੀਤੀ।