
- ਨਸ਼ਿਆਂ ਦਾ ਇਲਾਜ ਕੀਤਾ, ਕਿੱਤਾ ਮੁਖੀ ਸਿਖਲਾਈ ਦਿੱਤੀ, ਰੁਜ਼ਗਾਰ ਦੇ ਮੌਕੇ ਦਿੱਤੇ, ਡੀ.ਸੀ
- ਰੋਜ਼ਗਾਰ ਦਫ਼ਤਰ ਵਿਖੇ ਨਸ਼ਿਆਂ ਤੋਂ ਮੁਕਤ ਹੋਏ ਲੋਕਾਂ ਨੂੰ ਨੌਕਰੀ ਲੈਣ 'ਚ ਕੀਤੀ ਜਾਂਦੀ ਹੈ ਮਦਦ
ਬਰਨਾਲਾ, 3 ਮਈ 2025 : ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਜੰਗ- ਯੁੱਧ ਨਸ਼ਿਆ ਵਿਰੁੱਧ - ਲੜਾਈ ਤਹਿਤ ਨੇ ਨਸ਼ਿਆਂ ਤੋਂ ਮੁਕਤ ਹੋਏ ਲੋਕਾਂ ਨੂੰ ਰੁਜ਼ਗਾਰ ਭਾਲਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਵੇਂ ਮੌਕੇ ਦਿੱਤੇ ਜਾ ਰਹੇ ਹਨ। ਇਸ ਉਪਰਾਲੇ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨੀਥ ਨੇ ਦੱਸਿਆ ਕਿ ਪੰਜਾਬ ਸਰਕਾਰ ਨਸ਼ਿਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਬਹੁ-ਪੱਖੀ ਰਣਨੀਤੀ 'ਤੇ ਕੰਮ ਕਰ ਰਹੀ ਹੈ। ਕਾਨੂੰਨੀ ਪੱਖ ਤੋਂ ਪੁਲਿਸ ਨੇ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਿਆ ਹੋਇਆ ਹੈ ਅਤੇ ਤਸਕਰਾਂ ਦੇ ਘਰਾਂ ਨੂੰ ਵੀ ਢਾਹਿਆ ਜਾ ਰਿਹਾ ਹੈ। ਇਸੇ ਤਰ੍ਹਾਂ ਸਿਹਤ ਵਿਭਾਗ ਵੱਲੋਂ ਨਸ਼ਾ ਮੁਕਤੀ ਕੇਂਦਰਾਂ, ਨਸ਼ਾ ਮੁਕਤੀ ਦਵਾਈ ਕੇਂਦਰਾਂ ਅਤੇ ਮੁੜ ਵਸੇਬਾ ਕੇਂਦਰਾਂ ਰਾਹੀਂ ਨਸ਼ਾ ਪੀੜਤਾਂ ਦਾ ਇਲਾਜ ਅਤੇ ਸੁਧਾਰ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਇੱਕ ਕਦਮ ਅੱਗੇ ਵਧਦਿਆਂ ਬੇਰੁਜ਼ਗਾਰ ਨਸ਼ਾ ਮੁਕਤ ਹੋਏ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਲੱਭਣ ਵਿੱਚ ਮਦਦ ਕਰ ਰਹੀ ਹੈ। ਇਸ ਪਹਿਲਕਦਮੀ ਦੇ ਤਹਿਤ, ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ (ਡੀ.ਬੀ.ਈ.ਈ.) ਬਰਨਾਲਾ ਨੇ ਇੱਕ ਨਸ਼ਾ ਛੱਡ ਚੁਕੇ ਵਿਅਕਤੀ ਨੂੰ ਸਥਾਨਕ ਉਦਯੋਗ ਵਿੱਚ ਸੁਪਰਵਾਈਜ਼ਰ ਵਜੋਂ ਰੁਜ਼ਗਾਰ ਲੱਭਣ ਵਿੱਚ ਮਦਦ ਕੀਤੀ ਹੈ। ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕਰਦੇ ਹੋਏ, ਨਸ਼ਾ ਛੱਡ ਚੁਕੇ ਵਿਅਕਤੀ ਨੇ ਦੱਸਿਆ ਕਿ ਨਸ਼ਾ ਛੱਡਣ ਤੋਂ ਬਾਅਦ ਉਹ ਆਪਣੀ ਬੇਰੁਜ਼ਗਾਰੀ ਤੋਂ ਪਰੇਸ਼ਾਨ ਸੀ। ਸਮਾਜ ਵਿੱਚ ਉਸਦੇ ਨਸ਼ਾ ਕਰਨ ਬਾਰੇ ਪਤਾ ਹੋਣ ਕਾਰਣ ਉਸ ਨੂੰ ਨੌਕਰੀ ਮਿਲਣ 'ਚ ਦਿੱਕਤ ਆ ਰਭੀ ਸੀ । ਉਸ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਆਪਣੇ ਸਿਹਤ ਕੌਂਸਲਰ ਰਾਹੀਂ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਸੰਪਰਕ ਕੀਤਾ। ਇੱਥੇ ਉਸ ਨੇ ਆਪਣੇ ਵੇਰਵੇ ਦਿੱਤੇ ਅਤੇ ਬਿਊਰੋ ਵਿਖੇ ਤਾਇਨਾਤ ਅਫਸਰਾਂ ਦੇ ਮਾਰਗਦਰਸ਼ਨ ਨਾਲ ਉਸ ਨੂੰ ਸਥਾਨਕ ਟੂਲ ਉਦਯੋਗ ਵਿੱਚ ਸੁਪਰਵਾਈਜ਼ਰ ਵਜੋਂ ਨੌਕਰੀ ਮਿਲ ਹੈ। ਉਹ 12000 ਰੁਪਏ ਪ੍ਰਤੀ ਮਹੀਨਾ ਕਮਾ ਰਿਹਾ ਹੈ। ਆਪਣੀ ਜ਼ਿੰਦਗੀ ਨੂੰ ਬਦਲਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਜਿਹੇ ਨਸ਼ਾ ਛੱਡ ਚੁਕੇ ਲੋਕਾਂ ਦੀ ਹੋਰ ਮਦਦ ਕਰੇ ਤਾਂ ਜੋ ਉਹ ਆਪਣੀ ਜ਼ਿੰਦਗੀ ਸ਼ਾਨ ਨਾਲ ਅਤੇ ਸਿਰ ਉੱਚਾ ਕਰਕੇ ਬਤੀਤ ਕਰ ਸਕਣ।