
- ਖੰਟ ਦੇ ਕਿਸਾਨ ਲਖਵੀਰ ਸਿੰਘ 06 ਏਕੜ ਰਕਬੇ ਵਿੱਚ ਸਿੰਗਲ
- ਸੁਪਰ ਫਾਸਫੇਟ ਨਾਲ ਕਰ ਰਿਹੈ ਕਣਕ ਦੀ ਬਿਜਾਈ
ਫ਼ਤਹਿਗੜ੍ਹ ਸਾਹਿਬ, 02 ਦਸੰਬਰ 2024 : ਕਣਕ ਦੀ ਬਿਜਾਈ ਲਈ ਡੀ.ਏ.ਪੀ. ਦੀ ਆਈ ਸਮੱਸਿਆ ਦੇ ਚੱਲਦਿਆਂ ਜ਼ਿਲ੍ਹੇ ਦੇ ਕਿਸਾਨਾਂ ਲਈ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਡੀ.ਏ.ਪੀ. ਦੇ ਬਦਲਵੇਂ ਸਰੋਤ ਵਜੋਂ ਲਾਹੇਵੰਦ ਸਾਬਤ ਹੋਈ ਹੈ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਉਪਰਾਲਿਆਂ ਸਦਕਾ ਜ਼ਿਲ੍ਹੇ ਦੇ ਬਹੁਤੇ ਕਿਸਾਨਾਂ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ, ਟ੍ਰਿਪਲ ਸੁਪਰ ਫਾਸਫੇਟ, ਐਨ.ਪੀ.ਕੇ. (12:32:16) ਨਾਲ ਕਣਕ ਦੀ ਬਿਜਾਈ ਕੀਤੀ ਹੈ ਜਿਸ ਦੇ ਨਤੀਜਿਆਂ ਤੋਂ ਇਹ ਕਿਸਾਨ ਕਾਫੀ ਸੰਤੁਸ਼ਟ ਨਜ਼ਰ ਆ ਰਹੇ ਹਨ। ਅਜਿਹਾ ਹੀ ਇੱਕ ਕਿਸਾਨ ਪਿੰਡ ਖੰਟ ਦਾ ਲਖਵੀਰ ਸਿੰਘ ਜੋ ਕਿ ਆਪਣੀ 06 ਏਕੜ ਜਮੀਨ ਵਿੱਚ ਪਿਛਲੇ ਸਾਲ ਤੋਂ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰਦਾ ਆ ਰਿਹਾ ਹੈ। ਇਸ ਕਿਸਾਨ ਨੇ ਦੱਸਿਆ ਕਿ ਉਸ ਨੇ ਡੀ ਏ ਪੀ ਖਾਦ ਦੀ ਥਾਂ ਤੇ ਸਿੰਗਲ ਸੁਪਰਫਾਸਫੇਟ 100 ਕਿਲੋ ਪ੍ਰਤੀ ਏਕੜ ਵਿੱਚ 30 ਕਿਲੋ ਯੂਰੀਆ ਦੀ ਵਰਤੋਂ ਕਰਦੇ ਹੋਏ ਕਣਕ ਦੀ ਬਿਜਾਈ ਕੀਤੀ ਹੈ। ਜਿਸ ਨਤੀਜਿਆਂ ਤੋਂ ਇਹ ਕਿਸਾਨ ਕਾਫੀ ਪ੍ਰਭਾਵਿਤ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਸਿੰਗਲ ਸੁਪਰ ਫਾਸਫੇਟ ਜਿੱਥੇ ਡੀਏਪੀ ਨਾਲੋਂ ਬਹੁਤ ਸਸਤੀ ਮਿਲਦੀ ਹੈ, ਉੱਥੇ ਹੀ ਇਸ ਦਾ ਫਸਲ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ, ਸਗੋਂ ਫਸਲ ਦਾ ਝਾੜ ਬਹੁਤ ਵਧੀਆ ਹੁੰਦਾ ਹੈ ਹੈ। ਉਨ੍ਹਾਂ ਕਿਹਾ ਕਿ ਸਿੰਗਲ ਸੁਪਰ ਫਾਸਫੇਟ ਆਸਾਨੀ ਨਾਲ ਮਾਰਕੀਟ ਵਿੱਚ ਮਿਲ ਜਾਂਦੀ ਹੈ। ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਡਾ: ਧਰਮਿੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਾਲ ਜ਼ਿਲ੍ਹੇ ਦੇ ਕਈ ਕਿਸਾਨਾਂ ਨੇ ਡੀ.ਏ.ਪੀ. ਦੇ ਬਦਲਵੇਂ ਸਰੋਤਾਂ ਵਜੋਂ ਸਿੰਗਲ ਸੁਪਰ ਫਾਸਫੇਟ, ਐਨ.ਪੀ.ਕੇ. 12:32:16 ਤੇ ਟ੍ਰਿਪਲ ਸੁਪਰ ਫਾਸਫੇਟ ਦੀ ਵਰਤੋਂ ਨਾਲ ਕਣਕ ਦੀ ਬਿਜਾਈ ਕੀਤੀ ਹੈ। ਇਹ ਕਿਸਾਨ ਇਨ੍ਹਾਂ ਖਾਦਾਂ ਦੇ ਨਤੀਜਿਆਂ ਤੋਂ ਕਾਫੀ ਪ੍ਰਭਾਵਿਤ ਹੋਏ ਹਨ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਡੀ.ਏ.ਪੀ. ਦੇ ਬਦਲਵੇਂ ਸਰੋਤਾਂ ਦੀ ਵਰਤੋਂ ਕਰਨ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਦੀ ਰਾਏ ਅਨੁਸਾਰ ਹੀ ਡੀ.ਏ.ਪੀ. ਦੇ ਬਦਲਵੇਂ ਸਰੋਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ।