ਮੋਗਾ ਵਿੱਚ ਵਾਪਰੇ ਹਾਦਸੇ 'ਚ 5 ਮਹੀਨੇ ਦੇ ਬੱਚੇ ਸਮੇਤ ਦੋ ਮੌਤ, ਤਿੰਨ ਜਖ਼ਮੀ

ਧਰਮਕੋਟ, 26 ਨਵੰਬਰ 2024 : ਮੋਗਾ ਦੇ ਧਰਮਕੋਟ - ਕੋਟ ਈਸੇ ਖਾਂ ਰੋਡ ‘ਤੇ ਮੋਟਰਸਾਈਕਲ ‘ਤੇ ਜਾ ਰਹੇ ਇੱਕ ਪਰਿਵਾਰ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ। ਇਸ ਟੱਕਰ ‘ਚ ਪਰਿਵਾਰ ਦੇ ਮੁਖੀ ਅਤੇ ਉਸ ਦੇ ਪੁੱਤਰ ਦੋਵਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ  ਪੋਸਟ ਮਾਰਟਮ ਲਈ ਮੋਗਾ ਦੇ ਸਰਕਾਰੀ ਹਸਪਤਾਲ ‘ਚ ਰਖਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਮਾਣਕ ਸਿੰਘ (27) ਜੋ ਕਿ ਮੌਜਗੜ ਦਾ ਵਸਨੀਕ ਹੈ, ਉਹ ਆਪਣੀ ਪਤਨੀ ਅਤੇ 5 ਮਹੀਨੇ ਬੱਚੇ ਗੁਰਸੇਵਕ ਸਿੰਘ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਨੂਰਪੁਰ ਹਕੀਮਾ ਤੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ, ਤਾਂ ਰਸਤੇ ਵਿੱਚ ਕੋਟ ਸਦਰ ਖਾਂ ਦੇ ਨੇੜੇ ਨਹਿਰ ਦੇ ਕੋਲ ਕਿਸੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਰਕੇ ਪਰਿਵਾਰ ਦੇ ਤਿੰਨ ਮੈਂਬਰ ਹਾਦਸੇ ਦਾ ਸ਼ਿਕਾਰ ਹੋ ਗਏ। ਦੱਸਿਆ ਗਿਆ ਹੈ ਕਿ ਹਾਦਸੇ ਵਿੱਚ ਗੁਰਸੇਵਕ ਸਿੰਘ ਅਤੇ ਉਸ ਦੇ 5 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਹੈ ਅਤੇ ਪਤਨੀ ਦੇ ਮਾਮੁਲੀ ਸੱਟਾਂ ਲੱਗੀਆਂ ਹਨ। ਅਤੇ ਉਨ੍ਹਾਂ ਦੇ ਨਾਲ ਇੱਕ ਹੋਰ ਪਰਿਵਾਰਿਕ ਮੈਂਬਰ ਸੀ ਉਸਦਾ ਵੀ ਬਚਾਅ ਰਿਹਾ ਹੈ। ਮ੍ਰਿਤਕ ਦੇ ਭਰਾ ਮੇਜਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਾਣਕ ਸਿੰਘ ਮੇਰਾ ਵੱਡਾ ਭਰਾ ਸੀ, ਉਹ ਆਪਣੀ ਪਤਨੀ ਅਤੇ ਬੱਚੇ, ਜਿਸ ਦੀ ਉਮਰ ਪੰਜ ਮਹੀਨੇ ਸੀ, ਉਨ੍ਹਾਂ ਨਾਲ ਮੋਟਰਸਾਈਕਲ ’ਤੇ ਪਿੰਡ ਤੋਂ ਜਾ ਰਿਹਾ ਸੀ ਕਿ ਉਸ ਦਾ ਵਾਹਨ ਨਾਲ ਹਾਦਸਾ ਵਾਪਰ ਗਿਆ ਅਤੇ ਉਨ੍ਹਾਂ ਦਾ ਭਰਾ ਅਤੇ ਬੱਚੇ ਦੀ ਮੌਤ ਹੋ ਗਈ ਹੈ। ਜਦਕਿ ਉਸ ਦੇ ਨਾਲ ਜਾ ਰਹੀ ਉਸ ਦੀ ਪਤਨੀ ਅਮਨ ਕੌਰ ਨੂੰ ਮਾਮੂਲੀ ਸੱਟਾਂ ਲੱਗੀਆਂ।