ਰਾਏਕੋਟ (ਚਰਨਜੀਤ ਸਿੰਘ ਬੱਬੂ) : ਸ਼ਹਿਰ ਦੀ ਜਗਰਾਓਂ ਰੋਡ ’ਤੇ ਪਾਇਆ ਗਿਆ ਸੀਵਰੇਜ ਧੱਸਣ ਕਾਰਨ ਕਿਸੇ ਸਮੇਂ ਵੀ ਵੱਡਾ ਹਾਦਸਾ ਹੋ ਸਕਦਾ ਹੈ, ਪ੍ਰੰਤੂ ਸਥਾਨਕ ਨਗਰ ਪ੍ਰਸ਼ਾਸਨ ਇਸ ਨੂੰ ਗੰਭੀਰਤਾ ਨਾਲ ਨਹੀ ਲੈ ਰਿਹਾ ਹੈ, ਜਿਸ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਰੋਡ ’ਤੇ ਧੱਸ ਰਹੀ ਜਗਾ ’ਤੇ ਇਲਾਕਾ ਨਿਵਾਸੀਆਂ ਵਲੋਂ ਚੇਤਾਵਨੀ ਵਜ਼ੋਂ ਇੱਕ ਫੱਟਾ ਆਰਜੀ ਤੌਰ ’ਤੇ ਖੜਾ ਕਰ ਦਿੱਤਾ ਗਿਆ ਤਾਂ ਜੋ ਰਾਹਗੀਰ ਧੱਸ ਰਹੀ ਜਗਾ ਤੋਂ ਪਾਸੇ ਦੀ ਹੋ ਕੇ ਲੰਘ ਸਕਣ। ਅੱਜ ਇਸ ਫੱਟੇ ਨੂੰ ਉਸ ਜਗਾ ’ਤੇ ਲੱਗੇ ਹੋਏ ਚਾਰ ਦਿਨ ਤੋਂ ਜ਼ਿਆਦਾ ਬੀਤ ਚੁੱਕੇ ਹਨ, ਪਰੰਤੂ ਹੁਣ ਤੱਕ ਨਾਂ ਤਾਂ ਕਿਸੇ ਸੀਵਰੇਜ ਬੋਰਡ ਅਤੇ ਨਾਂ ਹੀ ਕਿਸੇ ਨਗਰ ਕੌਂਸਲ ਅਧਿਕਾਰੀ ਦੀ ਨਜ਼ਰ ਇਸ ’ਤੇ ਪਈ ਹੈ। ਜਿਕਰਯੋਗ ਹੈ ਕਿ ਇਸ ਰੋਡ ’ਤੇ ਸਕੂਲ ਅਤੇ ਹਸਪਤਾਲ ਆਦਿ ਸਥਿੱਤ ਹੋਣ ਕਾਰਨ ਸਕੂਲੀ ਬੱਚਿਆਂ ਸਮੇਤ ਹੋਰ ਲੋਕਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ, ਜਿਸ ਦੇ ਚੱਲਦਿਆਂ ਇਸ ਜਗਾ ਤੇ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਤੋਂ ਇਲਾਵਾ ਵੀ ਸ਼ਹਿਰ ਵਿੱਚ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਨਵਾਂ ਪਾਇਆ ਗਿਆ ਸੀਵਰੇਜ ਧੱਸ ਚੁੱਕਾ ਹੈ, ਅਤੇ ਹਾਦਸੇ ਦੀ ਉਡੀਕ ਕਰ ਰਿਹਾ ਹੈ, ਪਰੰਤੂ ਹੁਣ ਤੱਕ ਉਸ ਦੀ ਕੋਈ ਮੁਰੰਮਤ ਨਹੀ ਹੋ ਸਕੀ ਹੈ। ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਛੇਤੀ ਤੋਂ ਛੇਤੀ ਇਸ ਧੱਸ ਰਹੀ ਜਗਾ ਦੀ ਰਿਪੇਅਰ ਕਰਵਾਈ ਜਾਵੇ ਤਾਂ ਜੋ ਰਾਤ ਬਰਾਤੇ ਕੋਈ ਅਣਹੋਣੀ ਘਟਨਾਂ ਨਾਂ ਵਾਪਰ ਸਕੇ। ਇਸ ਸਬੰਧੀ ਜਦ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਇਹ ਮਸਲਾ ਹੁਣ ਤੱਕ ਉਨਾਂ ਦੇ ਧਿਆਨ ਵਿੱਚ ਨਹੀ ਆਇਆ ਹੈ, ਹੁਣ ਉਹ ਤੁਰੰਤ ਕੌਂਸਲ ਮੁਲਾਜ਼ਮਾਂ ਨੂੰ ਭੇਜ ਕੇ ਇਸ ਦੀ ਮੁਰੰਮਤ ਕਰਵਾ ਦੇਣਗੇ।