- ਭੂਚਾਲ ਜਿਹੀ ਕੁਦਰਤੀ ਆਫਤ ਮੌਕੇ ਸਥਿਤੀ 'ਤੇ ਕਾਬੂ ਪਾਉਣ ਬਾਰੇ ਕੀਤੀ ਮੌਕ ਡਰਿੱਲ
- ਜ਼ਿਲ੍ਹਾ ਪ੍ਰਸ਼ਾਸਨ, ਵਿਦਿਆਰਥੀਆਂ ਨੇ ਡਰਿੱਲ ਵਿੱਚ ਲਿਆ ਭਾਗ
ਬਰਨਾਲਾ, 5 ਸਤੰਬਰ 2024 : ਐਨਡੀਆਰਐਫ ਦੀ 7ਵੀਂ ਬਟਾਲੀਅਨ ਨੇ ਅੱਜ ਇੱਥੇ ਐਸਐਸਡੀ ਕਾਲਜ ਵਿੱਚ ਭੂਚਾਲ ਜਿਹੀ ਕੁਦਰਤੀ ਆਫਤ ਨਾਲ ਨਜਿੱਠਨ ਸਬੰਧੀ ਮੌਕ ਡਰਿੱਲ ਕੀਤੀ। ਡਿਪਟੀ ਕਮਾਂਡੈਂਟ ਐਨਡੀਆਰਐਫ ਸੰਜੀਵ ਰਤਨ, ਏਡੀਸੀ (ਜ) ਲਤੀਫ਼ ਅਹਿਮਦ ਅਤੇ ਡੀਐਸਪੀ ਪਰਮਜੀਤ ਸਿੰਘ ਡੋਡ ਦੀ ਅਗਵਾਈ ਵਿੱਚ ਐਨਡੀਆਰਐਫ, ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੀ ਟੀਮ ਨੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਮੌਕ ਡਰਿੱਲ ਸ਼ੁਰੂ ਕਰਨ ਤੋਂ ਪਹਿਲਾਂ ਐਨਡੀਆਰਐਫ ਟੀਮ ਨੇ ਸਿਵਲ, ਪੁਲਿਸ ਪ੍ਰਸ਼ਾਸਨ, ਕਾਲਜ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਭੂਮਿਕਾ ਬਾਰੇ ਜਾਣੂ ਕਰਵਾਇਆ। ਮੌਕ ਡਰਿੱਲ ਦੀ ਸ਼ੁਰੂਆਤ ਸਾਇਰਨ ਵੱਜਣ ਨਾਲ ਕੀਤੀ ਗਈ। ਵਿਦਿਆਰਥੀ ਭੱਜ ਕੇ ਕਾਲਜ ਦੀ ਇਮਾਰਤ ਦੇ ਬਾਹਰ ਇਕੱਠੇ ਹੋ ਗਏ। ਕਾਲਜ ਦੀ ਇਮਾਰਤ ਵਿੱਚ ਫਸੇ ਲੋਕਾਂ ਨੂੰ ਐਨਡੀਆਰਐਫ ਦੇ ਮੈਂਬਰਾਂ ਨੇ ਮੌਕ ਡਰਿੱਲ ਦੌਰਾਨ ਸੁਰੱਖਿਅਤ ਬਾਹਰ ਕੱਢਿਆ। ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਲਤੀਫ਼ ਅਹਿਮਦ ਨੇ ਦੱਸਿਆ ਕਿ ਡਰਿੱਲ ਸ਼ੁਰੂ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਦਫ਼ਤਰ ਤੋਂ ਬਚਾਅ ਕਾਰਜ ਲਈ ਐਨ.ਡੀ.ਆਰ.ਐਫ. ਟੀਮ ਬਠਿੰਡਾ ਨੂੰ ਕਾਲ ਕੀਤੀ ਗਈ ਤੇ ਟੀਮ ਆਪਣੇ ਹੈੱਡ ਕੁਆਰਟਰ ਤੋਂ ਐੱਸਐੱਸਡੀ ਕਾਲਜ ਬਰਨਾਲਾ ਪੁੱਜੀ। ਇਸ ਤੋਂ ਬਾਅਦ ਹਰ ਅਧਿਕਾਰੀ ਨੂੰ ਬਚਾਅ ਵਿੱਚ ਉਸ ਦੀ ਭੂਮਿਕਾ ਬਾਰੇ ਦੱਸਿਆ ਗਿਆ। ਐਨ.ਡੀ.ਆਰ.ਐਫ ਨੇ ਤਬਾਹੀ ਵਾਲੀ ਥਾਂ ਤੋਂ ਲੋਕਾਂ ਨੂੰ ਬਚਾਉਣ ਲਈ ਆਪਣੇ ਉਪਕਰਨਾਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ, ਕਾਲਜ ਮੈਨੇਜਮੈਂਟ, ਅਧਿਕਾਰੀਆਂ, ਕਰਮਚਾਰੀਆਂ ਅਤੇ ਐਨ.ਡੀ.ਆਰ.ਐਫ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ। ਉਨ੍ਹਾਂ ਨੇ ਅਜਿਹੀਆਂ ਔਕੜਾਂ ਦਾ ਮੁਕਾਬਲਾ ਕਰਨ ਲਈ ਹਮੇਸ਼ਾ ਤਿਆਰ ਰਹਿਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਜਿਹੀਆਂ ਮੌਕ ਡਰਿੱਲਾਂ ਹਰ ਕਿਸੇ ਨੂੰ ਅਨਿਸ਼ਚਿਤ ਭਵਿੱਖ ਦੀ ਆਫਤ ਨਾਲ ਨਜਿੱਠਣ ਲਈ ਤਿਆਰ ਕਰਦੀਆਂ ਹਨ। ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਐਨ.ਡੀ.ਆਰ.ਐਫ. ਨੂੰ ਭੂਚਾਲ ਜਿਹੀ ਸਥਿਤੀ ਮੌਕੇ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਪੁੱਛਿਆ ਅਤੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮਸ਼ਕ ਵਿੱਚ ਐਸ.ਡੀ.ਐਮ ਬਰਨਾਲਾ ਗੁਰਬੀਰ ਸਿੰਘ ਕੋਹਲੀ, ਡਿਪਟੀ ਡੀਈਓ ਡਾ. ਬਰਜਿੰਦਰ ਪਾਲ ਸਿੰਘ, ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕਾਂ ਅਤੇ ਹੋਰ ਅਧਿਕਾਰੀਆਂ ਨੇ ਵੀ ਭਾਗ ਲਿਆ। ਐਨਡੀਆਰਐਫ ਬਟਾਲੀਅਨ ਨੇ ਆਪਣੇ ਉਪਕਰਣ ਵੀ ਪ੍ਰਦਰਸ਼ਿਤ ਕੀਤੇ ਜੋ ਕੁਦਰਤੀ ਆਫ਼ਤਾਂ ਅਤੇ ਹੋਰ ਆਫ਼ਤਾਂ ਦੀਆਂ ਸਥਿਤੀਆਂ ਵਿੱਚ ਵਰਤੇ ਜਾਂਦੇ ਹਨ।