ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡਾਂ ’ਤੇ ਸਰਚ ਆਪਰੇਸ਼ਨ, ਨਸ਼ਾ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਜਾਰੀ

  • ਝੂਠੀਆਂ ਅਫਵਾਹਾਂ ਤੋਂ ਬਚੋ, ਸਿਰਫ ਪੁਸ਼ਟੀ ਹੋਈ ਜਾਣਕਾਰੀ ਤੇ ਹੀ ਕਰੋ ਭਰੋਸਾ – ਐਸ.ਐਸ.ਪੀ 

ਸ੍ਰੀ ਮੁਕਤਸਰ ਸਾਹਿਬ 11 ਮਈ 2025 : ਨਸ਼ਿਆਂ ਵਿਰੁੱਧ ਚੱਲ ਰਹੀ ਰਾਜ ਪੱਧਰੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੇ ਤਹਿਤ, ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਡਾ. ਅਖਿਲ ਚੌਧਰੀ ਆਈ.ਪੀ.ਐਸ. (ਐਸ.ਐਸ.ਪੀ.) ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਾਰੇ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ‘ਤੇ ਅਚਨਚੇਤ ਸਰਚ ਅਭਿਆਨ ਚਲਾਇਆ ਗਿਆ। ਇਹ ਅਭਿਆਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦੀ ਤਾਇਨਾਤੀ ਹੇਠ ਜ਼ਿਲ੍ਹੇ ਦੀਆਂ ਚਾਰੇ ਸਬ-ਡਿਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿੱਚ ਇੱਕੋਂ ਸਮੇਂ ਕੀਤਾ ਗਿਆ। ਐਸ.ਐਸ.ਪੀ. ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਪੁਲਿਸ ਦੀ ਅਗਵਾਈ ਵਿੱਚ ਸ੍ਰੀ ਮਨਮੀਤ ਸਿੰਘ ਢਿੱਲੋਂ ਐਸ.ਪੀ. (ਡੀ.), ਡੀ.ਐਸ.ਪੀ. ਸਤਨਾਮ ਸਿੰਘ, ਡੀ.ਐਸ.ਪੀ. ਇਕਬਾਲ ਸਿੰਘ, ਡੀ.ਐਸ.ਪੀ. ਅਵਤਾਰ ਸਿੰਘ ਅਤੇ ਡੀ.ਐਸ.ਪੀ. ਜਸਪਾਲ ਸਿੰਘ ਸਮੇਤ ਲਗਭਗ 170 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਇਸ ਮੁਹਿੰਮ ਵਿੱਚ ਸ਼ਾਮਲ ਰਹੇ। ਸਰਚ ਆਪਰੇਸ਼ਨ ਤਹਿਤ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਵੱਲ ਜਾਂਦੇ ਸਾਰੇ ਮੁੱਖ ਰਾਹਾਂ ’ਤੇ ਨਾਕਾਬੰਦੀ ਕੀਤੀ ਗਈ, ਜਿੱਥੇ ਲੰਘ ਰਹੀਆਂ ਗੱਡੀਆਂ, ਦਸਤਾਵੇਜ਼, ਨੰਬਰ ਪਲੇਟਾਂ ਦੀ ਜਾਂਚ ਕੀਤੀ ਗਈ। ਐਂਟੀ-ਸਾਬੋਟਾਜ਼ ਟੀਮ ਵੱਲੋਂ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਪਰ ਸ਼ੱਕੀ ਸਮਾਨ ਦੀ ਤਲਾਸ਼ੀ ਕੀਤੀ ਗਈ, ਸ਼ੱਕੀ ਵਿਅਕਤੀਆਂ ਦੀ PAIS ਐਪ ਰਾਹੀਂ ਜਾਂਚ ਕੀਤੀ ਗਈ ਅਤੇ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਦੀ VAHAN ਐਪ ਰਾਹੀਂ ਜਾਂਚ ਕੀਤੀ ਗਈ। ਡਾ. ਚੌਧਰੀ ਨੇ ਸਾਫ਼ ਕੀਤਾ ਕਿ ਇਹ ਕਾਰਵਾਈ ਨਾ ਸਿਰਫ ਨਸ਼ਾ ਤਸਕਰੀ ਉਤੇ ਲਗਾਮ ਲਾਉਣ ਲਈ ਹੈ, ਬਲਕਿ ਜਨਤਕ ਥਾਵਾਂ ‘ਤੇ ਲੋਕਾਂ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਵੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ 'ਚ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਅਚਨਚੇਤ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ। ਐਸ.ਐਸ.ਪੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕਈ ਤਰ੍ਹਾਂ ਦੀਆਂ ਝੂਠੀਆਂ ਵੀਡੀਓਜ਼, ਮੈਸੇਜ ਅਤੇ ਗਲਤ ਦਾਵਿਆਂ ਵਾਲੀਆਂ ਪੋਸਟਾਂ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਹਨ। ਇਹ ਸਾਰੇ ਮੈਸੇਜ ਲੋਕਾਂ ਵਿਚ ਡਰ, ਘਬਰਾਹਟ ਅਤੇ ਅਫਵਾਹਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਕਿਸੇ ਵੀ ਅਣਅਧਿਕਾਰਿਤ ਜਾਂ ਵਿਅਕਤੀ ਵੱਲੋਂ ਭੇਜੇ ਗਏ ਵਿਡੀਓ, ਮੈਸੇਜ ਜਾਂ ਪੋਸਟਾਂ ਉੱਤੇ ਵਿਸ਼ਵਾਸ ਨਾ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਅੱਗੇ ਭੇਜੋ।