ਫਰੀਦਕੋਟ 25 ਨਵੰਬਰ 2024 : ਬਾਗਬਾਨੀ ਵਿਭਾਗ ਪੰਜਾਬ ਵਲੋਂ ਸ੍ਰੀ ਮਹਿੰਦਰ ਭਗਤ ਬਾਗਬਾਨੀ ਮੰਤਰੀ ਪੰਜਾਬ ਦੀ ਯੋਗ ਅਗਵਾਈ ਅਤੇ ਡਾਇਰੈਕਟਰ ਬਾਗਬਾਨੀ ਮੈਡਮ ਸ਼ੈਲਿੰਦਰ ਕੌਰ, ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਾਗਬਾਨੀ ਅਪਨਾਉਣ ਲਈ ਕਿਸਾਨਾਂ ਨੂੰ ਵੱਖ-ਵੱਖ ਸਕੀਮਾਂ ਅਧੀਨ ਉਪਦਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਬਾਗਬਾਨੀ ਸ. ਨਵਦੀਪ ਸਿੰਘ ਬਰਾੜ ਨੇ ਦਿੱਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਕਿਸਾਨਾਂ ਨੂੰ ਕਣਕ-ਝੋਨੇ ਦੇ ਰਵਾਇਤੀ ਫਸਲੀ ਚੱਕਰ ਵਿੱਚੋਂ ਕੱਢਣ ਅਤੇ ਦਿਨੋਂ ਦਿਨ ਡੂੰਘੇ ਹੋ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਕਿਸਾਨਾਂ ਨੂੰ ਕੌਮੀ ਬਾਗਬਾਨੀ ਮਿਸ਼ਨ ਤਹਿਤ ਨਵਾਂ ਬਾਗ ਲਗਾਉਣ ਲਈ 19 ਹਜ਼ਾਰ ਤੋਂ 20 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ, ਪੁਰਾਣੇ ਬਾਗਾਂ ਨੂੰ ਮੁੜ ਸੁਰਜੀਤ ਕਰਨ ਲਈ 20 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ, ਸ਼ੈੱਡ ਨੈੱਟ ਹਾਊਸ ਲਗਾਉਣ ਲਈ 14 ਲੱਖ 20 ਹਜ਼ਾਰ ਰੁਪੈ ਪ੍ਰਤੀ ਏਕੜ, ਸ਼ਹਿਦ ਦੀਆ ਮੱਖੀਆ ਪਾਲਣ ਲਈ 50 ਬਕਸਿਆਂ ਲਈ 80 ਹਜ਼ਾਰ ਰੁਪਏ, ਹਾਈਬ੍ਰਿਡ ਸਬਜ਼ੀਆ ਉਗਾਉਣ ਲਈ 20 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਸਬਸਿਡੀ ਦਿੱਤੀ ਜਾ ਰਹੀ ਹੈ । ਇਸ ਤੋਂ ਇਲਾਵਾ ਫਲ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ ਅਤੇ ਸੁਚੱਜੀ ਮੰਡੀ ਕਰਨ ਲਈ ਪੈਕ ਹਾਊਸ ਬਣਾਉਣ ਤੇ 2 ਲੱਖ ਰੁਪਏ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਸ਼ੀਨੀਕਰਨ ਅਧੀਨ ਸਪਰੇਅ ਪੰਪ, ਟਰੈਕਟਰ ਮਾਊਟਿੰਡ ਸਪਰੇਅ ਪੰਪ, ਪਾਵਰ ਟਿੱਲਰ ਅਤੇ ਮਿੰਨੀ ਟਰੈਕਟਰ ਆਦਿ ਲੈਣ ਤੇ ਵੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੌਮੀ ਬਾਗਬਾਨੀ ਮਿਸ਼ਨ ਅਧੀਨ ਉਪਲਬਧ ਸਬਸਿਡੀ ਤੋਂ ਇਲਾਵਾ ਕਿਸਾਨਾਂ ਨੂੰ ਬਾਗਬਾਨੀ ਨਾਲ ਜੋੜਨ ਲਈ ਫੁੱਲਾਂ ਦੇ ਬੀਜ ਪੈਦਾ ਕਰਨ ਤੇ 14 ਹਜ਼ਾਰ ਰੁਪਏ ਪ੍ਰਤੀ ਏਕੜ, ਡਰਿੱਪ ਸਿਸਟਮ ਅਧੀਨ ਬਾਗ ਲਗਾਉਣ ਤੇ 10 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ 21 ਕਿੱਲੋ ਸਮਰਥਾ ਵਾਲੇ ਪਲਾਸਟਿਕ ਕਰੇਟਾਂ ਉਪੱਰ 50 ਰੁਪਏ ਪ੍ਰਤੀ ਕਰੇਟ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਜਿਲ੍ਹੇ ਦੇ ਸਮੂਹ ਕਿਸਾਨ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਾਰੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਬਾਗਬਾਨੀ ਵਿਭਾਗ, ਫਰੀਦਕੋਟ ਨਾਲ ਸੰਪਰਕ ਕਰ ਸਕਦੇ ਹਨ।