ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਸਮੇਂ ਸਮੇਂ ਸਾਹਿਤਕਾਰਾਂ ਦੇ ਸਨਮਾਨ ਕੀਤੇ ਜਾਂਦੇ ਹਨ ਹਰ ਦੋ ਸਾਲ ਬਾਅਦ ਦਿੱਤਾ ਜਾਂਦਾ ਅੰਮ੍ਰਿਤਾ ਇਮਰੋਜ਼ ਪੁਰਸਕਾਰ 2021 ਉੱਘੇ ਵਿਦਵਾਨ ਸ੍ਰੀ. ਕੇ. ਐੱਲ. ਗਰਗ ਜੀ ਨੂੰ , ਅਮੋਲ ਪਰਤਾਪ ਸਾਹਿਤ ਸਨਮਾਨ 2021 ਡਾ. ਹਰਿਭਜਨ ਸਿੰਘ ਭਾਟੀਆਂ ਜੀ ਨੂੰ ਅਤੇ ਹਰੇਕ ਸਾਲ ਦਿੱਤਾ ਜਾਂਦਾ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ ਨਾਟਕਕਾਰ ਤਰਲੋਚਨ ਸਮਰਾਲਾ ਨੂੰ ਭੇਟਾ ਕੀਤਾ ਜਾ ਰਿਹਾ ਹੈ| ਉਪਰੋਕਤ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਉਪਰੋਕਤ ਸਨਮਾਨ ਕ੍ਰਮਵਾਰ ਸ੍ਰੀ ਬੀਬਾ ਬਲਵੰਤ, ਡਾ. ਆਤਮਜੀਤ ਸਿੰਘ ਨਾਟਕਕਾਰ ਅਤੇ ਪੰਜਾਬੀ ਲਿਖਾਰੀ ਸਭਾ ਬਟਾਲਾ ਵੱਲੋਂ ਅਕਾਡਮੀ ਰਾਹੀਂ ਦਿੱਤੇ ਜਾਂਦੇ ਹਨ |ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ ਹੋਰਾਂ ਨੇ ਦੱਸਿਆ ਕਿ ਅੰਮ੍ਰਿਤਾ ਇਮਰੋਜ਼ ਪੁਰਸਕਾਰ ਅਤੇ ਅਮੋਲ ਪਰਤਾਪ ਪੁਰਸਕਾਰ ਇਕਵੰਜਾ-ਇਕਵੰਜਾ ਹਜ਼ਾਰ ਰੁਪਏ ਦਾ ਦਿੱਤਾ ਜਾਂਦਾ ਹੈ ਅਤੇ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ ਪ੍ਰਾਪਤ ਲੇਖਕ ਨੂੰ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ ਭੇਟਾ ਕੀਤੀ ਜਾਂਦੀ ਹੈ | ਉਨ੍ਹਾਂ ਸਨਮਾਨ ਸਥਾਪਿਤ ਕਰਨ ਵਾਲੇ ਲੇਖਕਾਂ ਅਤੇ ਸਨਮਾਨ ਹਾਸਿਲ ਕਰਨ ਵਾਲੇ ਲੇਖਕਾਂ ਨੂੰ ਦਿਲੀ ਮੁਬਾਰਕਬਾਦ ਦਿੱਤੀ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਦਸਿਆ ਕਿ ਸਨਮਾਨ ਸਮਾਰੋਹ 15 ਅਕਤੂਬਰ, 2022, ਦਿਨ ਸ਼ਨੀਵਾਰ ਨੂੰ ਸਵੇਰੇ 10.30 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ | ਇਸ ਮੌਕੇ 300 ਸਾਲਾ ਵਾਰਿਸ ਸ਼ਾਹ ਯਾਦਗਾਰੀ ਭਾਸ਼ਣ ਡਾ. ਸੁਰਜੀਤ ਪਾਤਰ ਦੇਣਗੇ ਅਤੇ ਉਹੀ ਸਮਾਗਮ ਦੀ ਪ੍ਰਧਾਨਗੀ ਕਰਨਗੇ। ਮੁੱਖ ਮਹਿਮਾਨ ਵਜੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਸਾਬਕਾ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਪਹੁੰਚ ਰਹੇ ਹਨ | ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਡਾ. ਗੁਰਇਕਬਾਲ ਸਿੰਘ ਨੇ ਸਮੂਹ ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਸਮਾਗਮ ਵਿਚ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਹੈ |