ਪੰਜਾਬ ਸਰਕਾਰ ਨੌਜਵਾਨਾਂ ਨੂੰ ਆਪਣੀ ਕਲਾ ਦਿਖਾਉਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਵਚਨਬੱਧ ਹੈ : ਤਰੁਨਪ੍ਰੀਤ ਸਿੰਘ ਸੌਂਦ 

  • ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲੇ ਦਾ ਕੀਤਾ ਉਦਘਾਟਨ
  • ਪੀ.ਏ.ਯੂ ਵਿਖੇ 2 ਦਸੰਬਰ ਨੂੰ ਸਮਾਪਤ ਹੋਵੇਗਾ ਯੁਵਕ ਮੇਲਾ

ਲੁਧਿਆਣਾ, 29 ਨਵੰਬਰ2024 : ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ੁੱਕਰਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਵਿਖੇ ਤਿੰਨ ਰੋਜ਼ਾ ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲੇ ਦਾ ਉਦਘਾਟਨ ਕੀਤਾ।  ਇਸ ਮੇਲੇ ਦਾ ਆਯੋਜਨ ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਕੀਤਾ ਗਿਆ। ਡਾ: ਮਨਮੋਹਨ ਸਿੰਘ ਆਡੀਟੋਰੀਅਮ, ਪੀ.ਏ.ਯੂ ਵਿੱਚ ਸ਼ਮ੍ਹਾਂ ਰੌਸ਼ਨ ਕਰਨ ਉਪਰੰਤ ਆਪਣੇ ਸੰਬੋਧਨ ਵਿਚ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਲਈ ਵਚਨਬੱਧ ਹੈ।  ਉਨ੍ਹਾਂ ਨੇ ਸੂਬੇ ਭਰ ਵਿੱਚ ਅਜਿਹੇ ਯੁਵਕ ਮੇਲਿਆਂ ਦਾ ਆਯੋਜਨ ਕਰਕੇ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾਵਾਂ ਵਿੱਚ ਲਿਆਉਣ ਲਈ ਪੰਜਾਬ ਸਰਕਾਰ ਦੇ ਯਤਨਾਂ 'ਤੇ ਜ਼ੋਰ ਦਿੱਤਾ। ਕੈਬਨਿਟ ਮੰਤਰੀ ਸ੍ਰੀ ਸੌਂਦ ਨੇ ਪੰਜਾਬ ਦੇ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਸਰਗਰਮੀ ਨਾਲ ਹਿੱਸਾ ਲੈਣ ਅਤੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।  ਉਨ੍ਹਾਂ ਕਿਹਾ ਕਿ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਉੱਚਾ ਚੁੱਕਣ ਲਈ ਕੰਮ ਕਰ ਰਹੇ ਹਨ ਅਤੇ ਇਸ ਪਹਿਲਕਦਮੀ ਵਿੱਚ ਨੌਜਵਾਨਾਂ ਦੇ ਸਹਿਯੋਗ ਦੀ ਮੰਗ ਕੀਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਅਜਿਹੇ ਮੇਲੇ ਨੌਜਵਾਨਾਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਆਗੂ ਵਜੋਂ ਉਭਰਨ ਵਿੱਚ ਮਦਦ ਕਰਦੇ ਹਨ।  ਉਹਨਾਂ ਨੇ ਨੌਜਵਾਨਾਂ ਨੂੰ ਕਲਾ, ਸੰਗੀਤ, ਡਾਂਸ ਵਿੱਚ ਛੁਪੀ ਕਲਾ ਨੂੰ ਖੋਜਣ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਲੇਟਫਾਰਮਾਂ 'ਤੇ ਐਕਸਪੋਜਰ ਹਾਸਲ ਕਰਨ ਲਈ ਯੁਵਕ ਮੇਲਿਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।  ਉਨ੍ਹਾਂ ਕਿਹਾ ਕਿ ਕਲਾ ਅਤੇ ਸੱਭਿਆਚਾਰ ਵਿਅਕਤੀਗਤ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਅਤੇ ਯੁਵਕ ਮੇਲੇ ਨੌਜਵਾਨਾਂ ਨੂੰ ਆਪਣੀ ਵਿਲੱਖਣ ਕਲਾਂ ਦਿਖਾਉਣ ਦਾ ਇੱਕ ਕੀਮਤੀ ਮੌਕਾ ਪ੍ਰਦਾਨ ਕਰਦੇ ਹਨ। ਤਰੁਨਪ੍ਰੀਤ ਸਿੰਘ ਸੌਂਦ ਨੇ ਯੁਵਕ ਸੇਵਾਵਾਂ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਦੇ ਯਤਨਾਂ ਲਈ ਆਪਣਾ ਪੂਰਾ ਸਮਰਥਨ ਪ੍ਰਗਟ ਕੀਤਾ।  ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੇਲੇ ਦੌਰਾਨ ਪ੍ਰਮੁੱਖ ਯੂਨੀਵਰਸਿਟੀਆਂ ਦੀਆਂ ਟੀਮਾਂ 51 ਵੱਖ-ਵੱਖ ਸੱਭਿਆਚਾਰਕ ਅਤੇ ਵਿਰਾਸਤੀ ਮੁਕਾਬਲਿਆਂ ਵਿੱਚ ਭਾਗ ਲੈਣਗੀਆਂ।  ਚਾਰ ਦਿਨਾਂ ਵਿੱਚ ਗਿੱਧਾ, ਭੰਗੜਾ, ਕਵਿਤਾ, ਗ਼ਜ਼ਲ, ਥੀਏਟਰ ਅਤੇ ਵੱਖ-ਵੱਖ ਵਿਰਾਸਤੀ ਕਲਾ ਮੁਕਾਬਲਿਆਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ, ਜਿਸ ਵਿੱਚ 2,500 ਤੋਂ ਵੱਧ ਨੌਜਵਾਨਾਂ ਦੇ ਭਾਗ ਲੈਣ ਦੀ ਉਮੀਦ ਹੈ। ਇਸ ਤੋਂ ਇਲਾਵਾ ਮੇਲੇ ਦੇ ਸੱਭਿਆਚਾਰਕ ਨਾਈਟ ਪ੍ਰੋਗਰਾਮ ਦੌਰਾਨ ਨਾਮਵਰ ਪੰਜਾਬੀ ਕਲਾਕਾਰ ਪੇਸ਼ਕਾਰੀ ਕਰਨਗੇ।