- ਐਨ.ਪੀ.ਕੇ. 12:32:16 ਡੀ.ਏ.ਪੀ. ਦਾ ਚੰਗਾ ਬਦਲ-ਮੁੱਖ ਖੇਤੀਬਾੜੀ ਅਫਸਰ
ਫ਼ਤਹਿਗੜ੍ਹ ਸਾਹਿਬ, 11 ਨਵੰਬਰ 2024 : ਸਬ-ਡਵੀਜ਼ਨ ਅਮਲੋਹ ਦੇ ਪਿੰਡ ਭਾਂਬਰੀ ਦੇ ਸਫਲ ਕਿਸਾਨ ਗੁਰਪ੍ਰੀਤ ਸਿੰਘ ਅਤੇ ਸਬ ਡਵੀਜ਼ਨ ਖਮਾਣੋਂ ਦੇ ਪਿੰਡ ਮੋਹਣ ਮਾਜਰਾ ਦੇ ਅਗਾਂਹਵਧੂ ਕਿਸਾਨ ਜਸਮਨਜੋਤ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਡੀ.ਏ.ਪੀ ਦੀ ਥਾਂ ਟੀ.ਐਸ.ਪੀ ਤੇ ਐਨ.ਪੀ.ਕੇ ਖਾਦ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ। ਸਫਲ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਪਿਛਲੇ ਸਾਲ ਕਣਕ ਦੀ ਬਿਜਾਈ ਲਈ ਆਪਣੇ ਖੇਤਾਂ ਵਿੱਚ ਐਨ.ਪੀ.ਕੇ. (12:32:16) ਦੀ ਵਰਤੋਂ ਕੀਤੀ ਸੀ ਅਤੇ ਉਸ ਦੀ ਫਸਲ ਦਾ ਝਾੜ ਬਹੁਤ ਵਧੀਆ ਰਿਹਾ ਹੈ। ਇਸੇ ਤਰ੍ਹਾਂ ਪਿੰਡ ਮੋਹਣ ਮਾਜਰਾ ਦੇ ਰਹਿਣ ਵਾਲੇ ਕਿਸਾਨ ਜਸਮਨਜੋਤ ਸਿੰਘ ਨੇ ਦੱਸਿਆ ਕਿ ਉਸ ਨੇ ਪਿਛਲੇ ਸਾਲ ਸਿੰਗਲ ਸੁਪਰ ਫਾਸਫੇਟ 16 ਫੀਸਦੀ ਦੀ ਵਰਤੋਂ ਨਾਲ ਕਣਕ ਦੀ ਬਿਜਾਈ ਕੀਤੀ ਗਈ ਸੀ ਅਤੇ ਉਸ ਦੀ ਫਸਲ ਬਹੁਤ ਵਧੀਆ ਹੋਈ। ਕਿਸਾਨ ਨੇ ਦੱਸਿਆ ਕਿ ਪਿਛਲੇ ਸੀਜ਼ਨ ਦੌਰਾਨ 150 ਕਿਲੋ ਸੁਪਰਫਾਸਫੇਟ ਅਤੇ 20 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਦੀ ਵਰਤੋਂ ਕਰਦੇ ਹੋਏ ਕਣਕ ਦੀ ਬਿਜਾਈ ਕੀਤੀ ਗਈ ਸੀ ਜਿਸ ਨਾਲ ਫਸਲ ਚੰਗੀ ਹੋਈ ਤੇ ਝਾੜ ਵੀ ਵੱਧ ਨਿਕਲਿਆ ਹੈ। ਕਿਸਾਨ ਨੇ ਦੱਸਿਆ ਕਿ ਸੁਪਰ ਫਾਸਫੇਟ ਖਾਦ ਵਿੱਚ ਸਲਫਰ ਤੱਤ ਵੀ ਪਾਇਆ ਜਾਂਦਾ ਹੈ, ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਮੁੱਖ ਖੇਤੀਬਾੜੀ ਅਫਸਰ ਡਾ: ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਕਣਕ ਦੀ ਬਿਜਾਈ ਕਰਨ ਲਈ ਡੀ.ਏ.ਪੀ. ਦੇ ਦੂਸਰੇ ਬਦਲ ਬਜ਼ਾਰ ਵਿੱਚ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਡੀ.ਏ.ਪੀ. ਖਾਦ ਵਿੱਚ 18 ਫੀਸਦੀ ਨਾਈਟ੍ਰੋਜਨ ਅਤੇ 46 ਫੀਸਦੀ ਫਾਸਫੋਰਸ ਤੱਤ ਹੁੰਦੇ ਹਨ ਜਦੋਂ ਕਿ ਸਿੰਗਲ ਸੁਪਰ ਫਾਸਫੇਟ ਖਾਦ ਵਿੱਚ 16 ਫੀਸਦੀ ਫਾਸਫੋਰਸ ਤੱਤ ਦੀ ਮਾਤਰਾ ਪਾਈ ਜਾਂਦੀ ਹੈ। ਇਸੇ ਤਰ੍ਹਾਂ ਨਾਈਟ੍ਰੋਫਾਸਫੇਟ ਖਾਦ ਵਿੱਚ 20 ਫੀਸਦੀ ਨਾਈਟ੍ਰੋਜਨ ਅਤੇ 20 ਫੀਸਦੀ ਫਾਸਫੋਰਸ ਤੱਤ ਮੌਜੂਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੁਤਾਬਕ ਦਰਮਿਆਨੀਆਂ ਜ਼ਮੀਨਾਂ ਲਈ ਇੱਕ ਏਕੜ ਵਿੱਚ ਕਣਕ ਦੀ ਬਿਜਾਈ ਕਰਨ ਲਈ 155 ਕਿਲੋ ਸੁਪਰ ਫਾਸਫੇਟ ਜਾਂ 125 ਕਿਲੋ ਨਾਈਟ੍ਰੋਫਾਸਫੇਟ ਖਾਦ ਵਰਤੀ ਜਾ ਸਕਦੀ ਹੈ। ਇਸੇ ਤਰ੍ਹਾਂ ਟ੍ਰਿਪਲ ਸੁਪਰ ਫਾਸਫੇਟ ਵਿੱਚ 46 ਫੀਸਦੀ ਫਾਸਫੋਰਸ ਤੱਤ ਪਾਇਆ ਜਾਂਦਾ ਹੈ ਅਤੇ ਖਾਦ ਦੀ 55 ਕਿਲੋ ਵਰਤੋਂ ਕਰਕੇ ਇੱਕ ਏਕੜ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਡਾ: ਧਰਮਿੰਦਰਜੀਤ ਸਿੰਘ ਨੇ ਕਿਹਾ ਕਿ ਜੇਕਰ ਸੁਪਰ ਫਾਸਫੇਟ ਖਾਦ ਦੀ ਵਰਤੋਂ ਕਰਨੀ ਹੋਵੇ ਤਾਂ ਬਿਜਾਈ ਵੇਲੇ 20 ਕਿਲੋ ਯੂਰੀਆ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਨ.ਪੀ.ਕੇ. 12:32:16 ਦੀ ਵਰਤੋਂ ਚੰਗਾ ਬਦਲ ਹੈ, ਜਿਸ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਤੋਂ ਇਲਾਵਾ ਪੋਟਾਸ਼ ਦਾ ਤੱਤ ਵੀ ਮੌਜੂਦ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਬਿਜਾਈ ਦਾ ਢੁਕਵਾਂ ਸਮਾਂ ਹੈ, ਚੰਗਾ ਝਾੜ ਲੈਣ ਲਈ ਉਪਲਬਧ ਖਾਦਾਂ ਦੀ ਵਰਤੋਂ ਕਰਦੇ ਹੋਏ ਸਮੇਂ ਸਿਰ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ