ਲੁਧਿਆਣਾ 25 ਨਵੰਬਰ, 2024 : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਡੀਨ ਖੇਤੀਬਾੜੀ ਕਾਲਜ ਦੇ ਸਹਿਯੋਗ ਨਾਲ ਭੂਮੀ ਅਤੇ ਪਾਣੀ ਦੀ ਪਰਖ ਤਕਨੀਕਾਂ ਬਾਰੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ| ਇਹ ਕੈਂਪ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਕਤਰਪੁਰ ਵਿਖੇ ਲਾਇਆ ਗਿਆ| ਇਸ ਵਿਚ 80 ਦੇ ਕਰੀਬ ਕਿਸਾਨ ਸਿਖਲਾਈ ਲਈ ਸ਼ਾਮਿਲ ਹੋਏ| ਭੂਮੀ ਵਿਗਿਆਨੀ ਡਾ. ਵਿੱਕੀ ਸਿੰਘ ਨੇ ਪਾਣੀ ਅਤੇ ਭੂਮੀ ਦੀ ਪਰਖ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਚੰਗੇ ਝਾੜ ਅਤੇ ਜ਼ਮੀਨ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਇਸ ਤਕਨੀਕ ਨੂੰ ਅਪਨਾਉਣ ਦੀ ਅਪੀਲ ਕੀਤੀ| ਉਹਨਾਂ ਨੇ ਪਾਣੀ ਅਤੇ ਭੂਮੀ ਦੀ ਪਰਖ ਲਈ ਨਮੂਨੇ ਲੈਣ ਤੋਂ ਲੈ ਕੇ ਇਸ ਸੰਬੰਧੀ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਦੱਸਿਆ| ਫਸਲ ਵਿਗਿਆਨੀ ਡਾ. ਮਨਿੰਦਰ ਕੌਰ ਨੇ ਕਿਸਾਨਾਂ ਨੂੰ ਸਿਫਾਰਸ਼ ਕੀਤੀਆਂ ਜਾਣ ਵਾਲੀਆਂ ਕਣਕ ਦੀਆਂ ਕਿਸਮਾਂ ਪੀ ਬੀ ਡਬਲਯੂ 826 ਅਤੇ ਪੀ ਬੀ ਡਬਲਯੂ ਬਿਸਕੁਟ-1 ਦੀ ਜਾਣਕਾਰੀ ਦਿੱਤੀ| ਇਸ ਤੋਂ ਇਲਾਵਾ ਉਹਨਾਂ ਨੇ ਪਾਣੀ ਦੀ ਢੁੱਕਵੀਂ ਵਰਤੋਂ ਦੇ ਤਰੀਕੇ ਵੀ ਦੱਸੇ| ਜੈਵਿਕ ਖੇਤੀ ਸਕੂਲ ਦੇ ਮਾਹਿਰ ਡਾ. ਅਮਨਪ੍ਰੀਤ ਕੌਰ ਨੇ ਕਿਸਾਨਾਂ ਨੂੰ ਜੈਵਿਕ ਖੇਤੀ ਦੇ ਤਰੀਕਿਆਂ ਤੋਂ ਜਾਣੂੰ ਕਰਵਾਇਆ| ਉਹਨਾਂ ਖੇਤੀ ਖਰਚਿਆਂ ਦਾ ਸੰਤੁਲਨ ਬਨਾਉਣ ਲਈ ਸੰਯੁਕਤ ਖੇਤੀ ਪ੍ਰਣਾਲੀ ਅਪਨਾਉਣ ਦੀ ਅਪੀਲ ਕੀਤੀ| ਡਾ. ਲਖਵਿੰਦਰ ਕੌਰ ਨੇ ਆਖਿਰ ਵਿਚ ਧੰਨਵਾਦ ਦੇ ਸ਼ਬਦ ਬੋਲਦਿਆਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਯੂਨੀਵਰਸਿਟੀ ਨਾਲ ਨਜ਼ਦੀਕੀ ਸੰਬੰਧੀ ਦੀ ਸਥਾਪਤੀ ਉੱਪਰ ਜ਼ੋਰ ਦਿੱਤਾ| ਯਾਦ ਰਹੇ ਕਿ ਇਹ ਕੈਂਪ ਆਈ ਸੀ ਐੱਸ ਐੱਸ ਆਰ ਨਵੀਂ ਦਿੱਲੀ ਤੋਂ ਸਹਾਇਤਾ ਪ੍ਰਾਪਤ ਵਿਸ਼ੇਸ਼ ਪ੍ਰੋਜੈਕਟ ਤਹਿਤ ਆਯੋਜਿਤ ਕੀਤਾ ਗਿਆ ਸੀ|