ਲੁਧਿਆਣਾ 19 ਮਾਰਚ : ਅੱਜ ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿਚ ਡਾ. ਗੁਰਦੇਵ ਸਿੰਘ ਖੁਸ਼ ਫਾਊਂਡੇਸ਼ਨ ਦਾ ਸਲਾਨਾ ਸਮਾਰੋਹ ਕਰਵਾਇਆ ਗਿਆ| ਇਸ ਵਿਚ ਪੀ.ਏ.ਯੂ. ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਨੌਜਵਾਨ ਖੋਜਾਰਥੀਆਂ ਅਤੇ ਵਿਗਿਆਨੀਆਂ ਨੂੰ ਸਨਮਾਨਿਤ ਕੀਤਾ ਗਿਆ| ਇਹਨਾਂ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੂੰ ਐਵਾਰਡ, ਸਕਾਲਰਸ਼ਿਪਾਂ ਅਤੇ ਯਾਤਰਾ ਗਰਾਂਟਾਂ ਨਾਲ ਸਨਮਾਨਿਤ ਕਰਕੇ ਫਾਊਂਡੇਸ਼ਨ ਨੇ ਖੇਤੀ ਵਿਗਿਆਨ ਨੂੰ ਉਤਸ਼ਾਹਿਤ ਕਰਨ ਦਾ ਮੁੱਲਵਾਨ ਕਾਰਜ ਕੀਤਾ| ਇਸ ਮੌਕੇ ਸਮਾਰੋਹ ਦੀ ਪ੍ਰਧਾਨਗੀ ਡਾ. ਗੁਰਦੇਵ ਸਿੰਘ ਖੁਸ਼ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਹਰਵੰਤ ਕੌਰ ਖੁਸ਼ ਨੇ ਕੀਤੀ| ਉਹਨਾਂ ਨਾਲ ਮੰਚ ਉੱਪਰ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀ ਡਾ. ਕਾਹਨ ਸਿੰਘ ਪੰਨੂ ਆਈ ਏ ਐੱਸ, ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਮੌਜੂਦ ਰਹੇ| ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਗੁਰਦੇਵ ਸਿੰਘ ਖੁਸ਼ ਨੇ ਐਵਾਰਡਾਂ, ਸਕਾਲਰਸ਼ਿਪਾਂ ਅਤੇ ਯਾਤਰਾ ਗਰਾਂਟਾਂ ਦੇ ਜੇਤੂਆਂ ਨੂੰ ਵਧਾਈ ਦਿੱਤੀ| ਉਹਨਾਂ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਖੇਤੀ ਵਿਗਿਆਨ ਅਤੇ ਵਿਗਿਆਨੀਆਂ ਉੱਪਰ ਜ਼ਿੰਮੇਵਾਰੀ ਵਧੀ ਹੈ| ਇਸਦੀ ਪੂਰਤੀ ਲਈ ਨੌਜਵਾਨ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੂੰ ਪਹਿਲਾ ਨਾਲੋਂ ਵੀ ਵੱਧ ਲਗਨ ਅਤੇ ਮਿਹਨਤ ਨਾਲ ਕੰਮ ਕਰਨ ਦੀ ਲੋੜ ਹੈ| ਉਹਨਾਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਫਾਊਂਡੇਸ਼ਨ ਦੇ ਮੰਤਵ ਨੂੰ ਅੱਗੇ ਵਧਾਉਣ ਲਈ ਧੰਨਵਾਦ ਕੀਤਾ| ਉਹਨਾਂ ਕਿਹਾ ਫਾਊਂਡੇਸ਼ਨ ਦੇ ਸਮੁੱਚੇ ਪ੍ਰਤੀਨਿਧਾਂ ਵੱਲੋਂ ਵੀ ਵਿਦਿਆਰਥੀਆਂ ਦੀ ਚੋਣ ਅਤੇ ਉਹਨਾਂ ਨੂੰ ਨਿਵਾਜ਼ਣ ਵਿਚ ਭਰਪੂਰ ਯੋਗਦਾਨ ਪਾਇਆ ਜਾਂਦਾ ਹੈ| ਉਹਨਾਂ ਆਸ ਪ੍ਰਗਟਾਈ ਕਿ ਇਸ ਫਾਊਂਡੇਸ਼ਨ ਤੋਂ ਇਮਦਾਦ ਹਾਸਲ ਕਰਨ ਵਾਲੇ ਖੇਤੀ ਵਿਗਿਆਨੀ ਸਮਾਜ ਦੀ ਬਿਹਤਰੀ ਲਈ ਕਾਰਜ ਕਰਨਗੇ| ਵਾਈਸ ਚਾਂਸਲਰ ਡਾ. ਗੋਸਲ ਨੇ ਡਾ. ਗੁਰਦੇਵ ਸਿੰਘ ਖੁਸ਼ ਹੋਰਾਂ ਦੇ ਇਸ ਵੱਡਮੁੱਲੇ ਕਾਰਜ ਦੀ ਸ਼ਲਾਘਾ ਕਰਦਿਆਂ ਫਾਊਂਡੇਸ਼ਨ ਵੱਲੋਂ ਹਰ ਸਾਲ ਦਿੱਤੀ ਜਾਂਦੀ ਮਾਇਕ ਸਹਾਇਤਾ ਦੇ ਮਹੱਤਵ ਨੂੰ ਸਵੀਕਾਰ ਕੀਤਾ| ਉਹਨਾਂ ਕਿਹਾ ਕਿ ਡਾ. ਖੁਸ਼ ਨੇ ਚੌਲਾਂ ਦੇ ਖੇਤਰ ਵਿਚ ਜੋ ਯੋਗਦਾਨ ਪਾਇਆ ਉਸੇ ਦਾ ਸਦਕਾ ਦੁਨੀਆਂ ਦੇ ਵਡੇਰੇ ਹਿੱਸੇ ਵਿਚ ਲੋਕਾਂ ਦੀ ਭੋਜਨ ਸੁਰੱਖਿਆ ਸੰਭਵ ਹੋਈ| ਉਹਨਾਂ ਵਿਦਿਆਰਥੀਆਂ ਨੂੰ ਡਾ. ਖੁਸ਼ ਤੋਂ ਪ੍ਰੇਰਨਾ ਲੈਣ ਲਈ ਕਿਹਾ ਤਾਂ ਜੋ ਉਹ ਉਹਨਾਂ ਦੇ ਪੂਰਨਿਆਂ ਤੇ ਤੁਰ ਸਕਣ| ਸ਼੍ਰੀ ਕਾਹਨ ਸਿੰਘ ਪੰਨੂ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਡਾ. ਖੁਸ਼ ਨੂੰ ਚੌਲਾਂ ਦਾ ਪਿਤਾਮਾ ਹੋਣ ਦੇ ਨਾਲ-ਨਾਲ ਦਾਨਵੀਰ ਪੁਰਸ਼ ਕਿਹਾ| ਉਹਨਾਂ ਕਿਹਾ ਕਿ ਸਮਾਜ ਦੀ ਭਲਾਈ ਦੇ ਮੰਤਵ ਲਈ ਅਜਿਹਾ ਕਾਰਜ ਡਾ. ਖੁਸ਼ ਦੇ ਹਿੱਸੇ ਹੀ ਆਇਆ ਹੈ| ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਵੱਲ ਧਿਆਨ ਦਿਵਾਉਂਦਿਆਂ ਸ਼੍ਰੀ ਪੰਨੂ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਢੁੱਕਵੇਂ ਯਤਨ ਕਰਨ ਲਈ ਵਿਗਿਆਨੀਆਂ ਨੂੰ ਹੱਲਾਸ਼ੇਰੀ ਦਿੱਤੀ| ਉਹਨਾਂ ਕਿਹਾ ਕਿ ਐਵਾਰਡ ਜੇਤੂਆਂ ਵਿਚ ਔਰਤਾਂ ਦੀ ਗਿਣਤੀ ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ ਵਿਚ ਬਰਾਬਰਤਾ ਵੱਲੋ ਇਸ਼ਾਰਾ ਕਰਦੀ ਹੈ| ਇਸ ਸਮਾਰੋਹ ਦੌਰਾਨ ਖੇਤੀ ਖੇਤਰ ਵਿਚ ਭਰਪੂਰ ਯੋਗਦਾਨ ਲਈ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੂੰ ਡਾ. ਦਰਸ਼ਨ ਸਿੰਘ ਬਰਾੜ ਐਵਾਰਡ ਨਾਲ ਸਨਮਾਨਿਆ ਗਿਆ| ਖੇਤੀ ਇੰਜਨੀਅਰ ਡਾ. ਮਨਪ੍ਰੀਤ ਸਿੰਘ ਡਾ. ਦਰਸ਼ਨ ਸਿੰਘ ਬਰਾੜ ਨੌਜਵਾਨ ਵਿਗਿਆਨ ਐਵਾਰਡ ਅਤੇ ਡਾ. ਫਕੀਰ ਚੰਦ ਸ਼ੁਕਲਾ ਨੂੰ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ| ਇਸ ਸਮਾਰੋਹ ਦੌਰਾਨ 61 ਵਿਦਿਆਰਥੀਆਂ ਨੂੰ ਫੈਲੋਸ਼ਿਪਾਂ ਮਿਲੀਆਂ ਜਿਨ•ਾਂ ਵਿਚ ਪੀ.ਏ.ਯੂ. ਦੇ 47, ਗਡਵਾਸੂ ਦੇ 13 ਅਤੇ ਇਕ ਵਿਦਿਆਰਥੀ ਪੀ.ਏ.ਯੂ. ਮਾਡਲ ਸਕੂਲ ਨਾਲ ਸੰਬੰਧਤ ਸੀ| ਇਸਦੇ ਨਾਲ ਹੀ 31 ਵਿਗਿਆਨੀਆਂ ਅਤੇ ਵਿਦਿਆਰਥੀਆਂ ਨੂੰ ਯਾਤਰਾ ਗਰਾਂਟਾਂ ਪ੍ਰਦਾਨ ਕੀਤੀਆਂ ਗਈਆਂ| ਇਹਨਾਂ ਵਿਚ 26 ਰਾਸ਼ਟਰੀ ਅਤੇ 5 ਅੰਤਰਰਾਸ਼ਟਰੀ ਯਾਤਰਾ ਗਰਾਂਟਾਂ ਸਨ| 5 ਵਿਦਿਆਰਥੀਆਂ ਨੂੰ ਵੀ ਆਰਥਿਕ ਇਮਦਾਦ ਦਿੱਤੀ ਗਈ| ਸਮਾਰੋਹ ਦੇ ਆਰੰਭ ਵਿਚ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਭ ਦਾ ਸਵਾਗਤ ਕਰਦਿਆਂ ਇਸ ਸ਼ਾਨਦਾਰ ਸਮਾਰੋਹ ਦੇ ਆਯੋਜਨ ਲਈ ਡਾ. ਖੁਸ਼ ਫਾਊਂਡੇਸ਼ਨ ਦੀ ਸ਼ਲਾਘਾ ਕੀਤੀ| ਸੈਸ਼ਨ ਦੇ ਅੰਤ ਤੇ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਨੇ ਧੰਨਵਾਦ ਦੇ ਸ਼ਬਦ ਕਹਿੰਦਿਆਂ ਐਵਾਰਡ ਅਤੇ ਫੈਲੋਸ਼ਿਪਾਂ ਦੇ ਜੇਤੂਆਂ ਨੂੰ ਵਧਾਈ ਦਿੱਤੀ| ਸਮਾਰੋਹ ਦਾ ਸੰਚਾਲਨ ਬਾਇਓਤਕਨਾਲੋਜੀ ਸਕੂਲ ਦੇ ਪ੍ਰੋਫੈਸਰ ਡਾ. ਜਗਦੀਪ ਸੰਧੂ ਨੇ ਕੀਤਾ|