ਪੀ.ਏ.ਯੂ. ਨੇ ਸਥਿਰ ਖੇਤੀਬਾੜੀ ਅਤੇ ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਬਾਰੇ ਵਿਚਾਰ-ਚਰਚਾ ਕਰਵਾਈ

ਲੁਧਿਆਣਾ 24 ਦਸੰਬਰ, 2024 : ਬੀਤੇ ਦਿਨੀਂ ਪੀ.ਏ.ਯੂ. ਵਿਚ ਏ ਐੱਸ ਏ ਆਰ (ਕਲੀਨ ਏਅਰ ਪੰਜਾਬ) ਦੇ ਸਹਿਯੋਗ ਨਾਲ ਪੀ.ਏ.ਯੂ. ਨੇ ਸਥਿਰ ਖੇਤੀ ਅਤੇ ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਬਾਰੇ ਵਿਚਾਰ-ਚਰਚਾ ਦਾ ਆਯੋਜਨ ਪਾਲ ਆਡੀਟੋਰੀਅਮ ਵਿਚ ਕੀਤਾ| ਇਸ ਵਿਚ ਪੰਜਾਬ ਦੇ 23 ਜ਼ਿਲ਼੍ਹਿਆਂ ਦੇ ਅਗਾਂਹਵਧੂ ਕਿਸਾਨ ਸ਼ਾਮਿਲ ਹੋਏ| ਪੀ.ਏ.ਯੂ. ਦੀ ਤਰਫੋਂ ਮੁੱਖ ਮਹਿਮਾਨ ਵਜੋਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨਾਲ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਤੋਂ ਇਲਾਵਾ ਵੱਖ-ਵੱਖ ਕਾਲਜਾਂ ਦੇ ਡੀਨ, ਵਿਭਾਗਾਂ ਦੇ ਮੁਖੀ, ਮਾਹਿਰ, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਪ੍ਰਤੀਨਿਧ ਅਤੇ ਇਸ ਖੇਤਰ ਵਿਚ ਕਾਰਜ ਕਰਨ ਵਾਲੀਆਂ ਵੱਖ-ਵੱਖ ਧਿਰਾਂ ਦੇ ਨੁਮਾਇੰਦੇ ਸ਼ਾਮਿਲ ਸਨ| ਇਸ ਸਮਾਰੋਹ ਨੂੰ ਹਰਿਆਲੇ ਪੰਜਾਬ ਦੇ ਜੇਤੂਆਂ ਦਾ ਮਾਣ ਸਿਰਲੇਖ ਦਿੱਤਾ ਗਿਆ ਸੀ ਅਤੇ ਇਸ ਦੌਰਾਨ ਵਿਚਾਰ-ਚਰਚਾਵਾਂ, ਤਜਰਬੇ ਸਾਂਝੇ ਕਰਨ ਅਤੇ ਵਿਗਿਆਨਕ ਖੇਤੀ ਨਾਲ ਜੁੜੇ ਕਿਸਾਨਾਂ ਦੇ ਸਨਮਾਨ ਨੂੰ ਤਰਜੀਹ ਦਿੱਤੀ ਗਈ| ਮੁੱਖ ਮਹਿਮਾਨ ਡਾ. ਸਤਿਬੀਰ ਸਿੰਘ ਗੋਸਲ ਨੇ ਅਗਾਂਹਵਧੂ ਕਿਸਾਨਾਂ ਦਾ ਸਨਮਾਨ ਕਰਦਿਆਂ ਉਹਨਾਂ ਵੱਲੋਂ ਸਥਿਰ ਖੇਤੀ ਲਈ ਅਪਣਾਏ ਗਏ ਤਰੀਕਿਆਂ ਦੀ ਪ੍ਰਸ਼ੰਸਾ ਕੀਤੀ| ਆਪਣੇ ਮੁੱਖ ਭਾਸ਼ਣ ਵਿਚ ਉਹਨਾਂ ਵਿਸ਼ੇਸ਼ ਤੌਰ ਤੇ ਪਰਾਲੀ ਦੀ ਸੰਭਾਲ ਕਰਨ ਵਾਲੇ ਕਿਸਾਨਾਂ ਨੂੰ ਵਾਤਾਵਰਨ ਦੀਆਂ ਚੁਣੌਤੀਆਂ ਨਾਲ ਜੂਝ ਕੇ ਭਵਿੱਖ ਦੀ ਖੇਤੀ ਨੂੰ ਦਿਸ਼ਾ ਦੇਣ ਵਾਲੇ ਕਿਹਾ| ਉਹਨਾਂ ਕਿਹਾ ਕਿ ਖੇਤ ਵਿਚ ਪਰਾਲੀ ਦੀ ਸੰਭਾਲ ਵਾਤਾਵਰਨ ਸੰਭਾਲ ਪੱਖ ਤੋਂ ਬੇਹੱਦ ਅਹਿਮ ਕਾਰਜ ਹੈ| ਪੀ.ਏ.ਯੂ. ਨੇ ਇਸ ਪੱਖੋਂ ਬਹੁਤ ਸਾਰੀ ਮਸ਼ੀਨਰੀ ਕਿਸਾਨਾਂ ਤੱਕ ਪਹੁੰਚਾਈ ਹੈ| ਨਾਲ ਹੀ ਵਾਈਸ ਚਾਂਸਲਰ ਨੇ ਪੀ ਆਰ-126 ਕਿਸਮ ਦਾ ਜ਼ਿਕਰ ਕਰਦਿਆਂ ਇਸਦੇ ਹਾਂ ਪੱਖੀ ਪ੍ਰਭਾਵਾਂ ਦੀ ਚਰਚਾ ਕੀਤੀ| ਸਮਾਰੋਹ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ ਲਈ ਸਵਾਗਤ ਦੇ ਸ਼ਬਦ ਸ੍ਰੀ ਸਨਮ ਸੂਤੀਰਥ ਵਜ਼ੀਰ, ਏ ਐੱਸ ਏ ਆਰ ਦੇ ਵਾਤਾਵਰਨ ਦੇ ਰਾਜ ਮੁੱਖੀ ਨੇ ਕਹੇ| ਉਹਨਾਂ ਨੇ ਪਰਾਲੀ ਸਾੜਨ ਲਈ ਕਿਸਾਨਾਂ ਨੂੰ ਦੋਸ਼ ਦੇਣ ਦੀ ਥਾਂ ਵਿਹਾਰਕ ਤਰੀਕਿਆਂ ਨੂੰ ਅਪਨਾਉਣ ਉੱਪਰ ਜ਼ੋਰ ਦਿੱਤਾ| ਨਾਲ ਹੀ ਉਹਨਾਂ ਕਿਹਾ ਕਿ ਸੰਸਥਾ ਵੱਲੋਂ ਇਸ ਦਿਸ਼ਾ ਵਿਚ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਹਨ ਅਤੇ ਧੂੰਏ ਦੇ ਮਾਰੂ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਣੂੰ ਕਰਵਾ ਕੇ ਇਸ ਰੁਝਾਨ ਨੂੰ ਰੋਕਣ ਦੇ ਯਤਨ ਜਾਰੀ ਹਨ| ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਪਰਾਲੀ ਦੀ ਸੰਭਾਲ ਦੀਆਂ ਨਵੀਆਂ ਤਕਨੀਕਾਂ ਦੀ ਗੱਲ ਕਰਦਿਆਂ ਫਤਹਿਗੜ੍ਹ ਸਾਹਿਬ ਦੇ ਸ. ਪਲਵਿੰਦਰ ਸਿੰਘ ਦਾ ਵਿਸ਼ੇਸ਼ ਜ਼ਿਕਰ ਕੀਤਾ ਜਿਨ੍ਹਾਂ ਨੇ ਇਕ ਦਹਾਕੇ ਤੋਂ ਪਰਾਲੀ ਨਹੀਂ ਸਾੜੀ| ਇਸ ਦੇ ਨਾਲ ਹੀ ਉਹਨਾਂ ਨੇ ਖੇਤ ਵਿਚ ਪਰਾਲੀ ਸੰਭਾਲਣ ਦੇ ਲਾਭ ਗਿਣਾਉਂਦਿਆਂ ਇਸ ਦੇ ਪ੍ਰਭਾਵ ਵਜੋਂ ਮਿੱਟੀ ਦੀ ਸਿਹਤ ਵਿਚ ਸੁਧਾਰ, ਖਾਦਾਂ ਦੀ ਵਰਤੋਂ ਦੀ ਕਮੀ ਅਤੇ ਹੋਰ ਨੁਕਤੇ ਸਾਂਝੇ ਕੀਤੇ| ਸਮਾਰੋਹ ਦੌਰਾਨ ਪਰਾਲੀ ਦੀ ਸੰਭਾਲ ਬਾਰੇ ਬਣਾਇਆ ਗਿਆ ਇਕ ਵਿਸ਼ੇਸ਼ ਵੀਡੀਓ ਵੀ ਪ੍ਰਦਰਸ਼ਿਤ ਕੀਤਾ ਗਿਆ| ਫਸਲ ਮੌਸਮ ਵਿਗਿਆਨ ਦੇ ਵਿਭਾਗ ਦੇ ਡਾ. ਪ੍ਰਭਜੋਤ ਕੌਰ ਨੂੰ ਵੀ ਅਗਾਂਹਵਧੂ ਕਿਸਾਨਾਂ ਨਾਲ ਸਨਮਾਨਿਤ ਕੀਤਾ ਗਿਆ| ਭਾਗ ਲੈਣ ਵਾਲਿਆਂ ਨੇ ਪਰਾਲੀ ਦੀ ਸੰਭਾਲ ਸੰਬੰਧੀ ਵਿਚਾਰ-ਚਰਚਾ ਕਰਕੇ ਆਪਣੇ ਤਜਰਬੇ ਸਾਂਝੇ ਕੀਤੇ| 
ਅੰਤ ਵਿਚ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਸਭ ਲਈ ਧੰਨਵਾਦ ਦੇ ਸ਼ਬਦ ਕਹੇ|