- ਪੰਚਾਇਤੀ ਚੋਣਾਂ ਅਮਨ-ਸ਼ਾਤੀ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ-ਡੀ.ਸੀ.
ਫਰੀਦਕੋਟ 14 ਅਕਤੂਬਰ 2024 : 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਲਈ ਜਿਲ੍ਹੇ ਅੰਦਰ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਪੋਲਿੰਗ ਪਾਰਟੀਆਂ ਤੇ ਸੁਰੱਖਿਆ ਸਮੇਤ ਸਾਰੇ ਪ੍ਰਬੰਧ ਮੁਕੰਮਲ ਕਰ ਲਈ ਗਏ ਹਨ। ਇਹ ਜਾਣਕਾਰੀ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੀਆਂ ਪੰਚਾਇਤਾਂ ਲਈ 381 ਬੂਥਾਂ ਲਈ ਪੋਲਿੰਗ ਪਾਰਟੀਆਂ, ਸੁਰੱਖਿਆ ਦਸਤੇ ਆਦਿ ਨੂੰ ਸਬੰਧਤ ਐਸ.ਡੀ.ਐਮਜ਼ ਵੱਲੋਂ ਅੱਜ ਚੋਣ ਸਮੱਗਰੀ ਨਾਲ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਜਿਲ੍ਹੇ ਦੇ ਪਿੰਡਾਂ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਸ਼ਾਂਤੀ ਦੀ ਸਥਿਤੀ ਬਣਾਈ ਰੱਖਣ ਅਤੇ ਬਿਨਾਂ ਕਿਸੇ ਭੈਅ ਅਤੇ ਤਣਾਅ ਮੁਕਤ ਹੋ ਕੇ ਆਪਣੀ ਵੋਟ ਦੀ ਵਰਤੋਂ ਕਰਕੇ ਆਪਣੇ ਪੰਸਦੀਦਾ ਵਿਅਕਤੀ ਦੀ ਚੋਣ ਕਰਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਚਾਇਤ ਚੋਣਾਂ ਸਾਂਤਮਈ ਅਤੇ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾਣਗੀਆਂ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਨਰਭਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਜਿਲ੍ਹੇ ਦੀਆਂ ਪੰਚਾਇਤੀ ਚੋਣਾਂ ਲਈ ਕੁੱਲ 413 ਬੂਥ ਹਨ, ਜਿੰਨਾਂ ਵਿੱਚ 30 ਪੋਲਿੰਗ ਸਟੇਸ਼ਨਾਂ ਤੇ ਸਰਬਸੰਮਤੀ ਹੋਈ ਹੈ ਅਤੇ 02 ਬੂਥਾਂ ਤੇ ਕੋਈ ਵੀ ਨੋਮੀਨੇਸ਼ਨ ਪ੍ਰਾਪਤ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ 381 ਬੂਥਾਂ ਲਈ 381 ਪੋਲਿੰਗ ਪਾਰਟੀਆਂ ਨੂੰ ਬੈਲਟ ਪੇਪਰ ਅਤੇ ਹੋਰ ਚੋਣ ਸਮੱਗਰੀ ਦੇ ਕੇ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਰੀਦਕੋਟ ਬਲਾਕ ਵਿੱਚ 297 ਉਮੀਦਵਾਰ ਸਰਪੰਚ ਅਤੇ 817 ਉਮੀਦਵਾਰ ਪੰਚ ਚੋਣ ਲੜਨਗੇ, ਬਲਾਕ ਕੋਟਕਪੂਰਾ ਵਿੱਚ 141 ਉਮੀਦਵਾਰ ਸਰਪੰਚ ਅਤੇ 547 ਉਮੀਦਵਾਰ ਪੰਚ ਅਤੇ ਇਸੇ ਤਰ੍ਹਾਂ ਬਲਾਕ ਜੈਤੋ ਵਿੱਚ 160 ਉਮੀਦਵਾਰ ਸਰਪੰਚ ਅਤੇ 626 ਉਮੀਦਵਾਰ ਪੰਚ ਬਣਨ ਲਈ ਚੋਣ ਲੜਨਗੇ।