ਲੁਧਿਆਣਾ : ਪ੍ਰੋ. ਮੋਹਨ ਸਿੰਘ ਦੇ 117ਵੇਂ ਜਨਮ ਦਿਵਸ ਮੌਕੇ 20 ਅਕਤੂਬਰ ਸਵੇਰੇ ਦਸ ਵਜੇ ਪ੍ਰੋ. ਮੋਹਨ ਸਿੰਘ ਯਾਦਗਾਰੀ ਭਾਸ਼ਨ ਤੇ ਕਵੀ ਦਰਬਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗਾ। ਇਹ ਜਾਣਕਾਰੀ ਦੇਂਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਤੇ ਕਵੀ ਦਰਬਾਰ ਕਨਵੀਨਰ ਤ੍ਰੈਲੋਚਨ ਲੋਚੀ ਨੇ ਦੱਸਿਆ ਕਿ ਇਹ ਸਮਾਗਮ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਤੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਲੁਧਿਆਣਾ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਸੁਆਗਤੀ ਸ਼ਬਦ ਬੋਲਣਗੇ ਜਦ ਕਿ ਪ੍ਰੋਃ ਮੋਹਨ ਸਿੰਘ ਨਾਲ ਬਿਤਾਏ ਯਾਦਗਾਰੀ ਪਲਾਂ ਬਾਰੇ ਇਸ ਸਮਾਗਮ ਦੇ ਮੁੱਖ ਮਹਿਮਾਨ ਤੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਸੰਬੋਧਨ ਕਰਨਗੇ। ਪ੍ਰੋਃ. ਮੋਹਨ ਸਿੰਘ ਕਾਵਿ ਦੀ ਅੱਜ ਲਈ ਸਾਰਥਕਤਾ ਵਿਸ਼ੇ ਤੇ ਸਿਰਸਾ(ਹਰਿਆਣਾ) ਤੋਂ ਪ੍ਰਸਿੱਧ ਵਿਦਵਾਨ ਸੁਵਰਨ ਸਿੰਘ ਵਿਰਕ ਸੰਬੋਧਨ ਕਰਨਗੇ। ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ ਤੇ ਸਕੱਤਰ ਜਨਰਲ ਡਾਃ ਨਿਰਮਲ ਜੌੜਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸ਼ਾਮਿਲ ਇੱਕੀ ਕਵੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਦ ਕਿ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਕਰਨਗੇ। ਇਸ ਸਮਾਗਮ ਵਿੱਚ ਦੇਸ਼ ਬਦੇਸ਼ ਵਿੱਚੋਂ ਵੀ ਲੇਖਕਾਂ ਦੇ ਸੁਨੇਹੇ ਮਿਲ ਰਹੇ ਹਨ ਅਤੇ ਇਨ੍ਹਾ ਵਿੱਚੋਂ ਅਮਰੀਕਾ ਵੱਸਦੇ ਪੰਜਾਬੀ ਕਵੀ ਸੁਰਿੰਦਰ ਸਿੰਘ ਸੁੰਨੜ,ਤੇ ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਪੰਜਾਬ ਅੱਪੜ ਗਏ ਹਨ। ਉਹ ਦੋਵੇਂ ਇਸ ਕਵੀ ਦਰਬਾਰ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ। ਕਵੀ ਦਰਬਾਰ ਦੇ ਕਨਵੀਨਰ ਤ੍ਰੈਲੋਚਨ ਲੋਚੀ ਨੇ ਦੱਸਿਆ ਕਿ ਇਸ ਮੌਕੇ ਹੋਣ ਵਾਲੇ ਪ੍ਰੋਃ ਮੋਹਨ ਸਿੰਘ ਯਾਦਗਾਰੀ ਕਵੀ ਦਰਬਾਰ ਵਿੱਚ ਪੰਜਾਬੀ ਕਵੀ ਸੁਰਜੀਤ ਜੱਜ, ਡਾਃ ਗੁਰਮਿੰਦਰ ਸਿੱਧੂ,ਗੁਰਚਰਨ ਕੌਰ ਕੋਚਰ, ਹਰਵਿੰਦਰ ਚੰਡੀਗੜ੍ਹ, ਸੁਸ਼ੀਲ ਦੋਸਾਂਝ, ਅਰਤਿੰਦਰ ਸੰਧੂ, ਵਿਸ਼ਾਲ, ਡਾਃ ਰਾਮ ਮੂਰਤੀ, ਜਸਬੀਰ ਝੱਜ,ਡਾ. ਰਵਿੰਦਰ ਬਟਾਲਾ, ਕਰਮਜੀਤ ਗਰੇਵਾਲ, ਜਸਵੰਤ ਜਫ਼ਰ, ਸਵਰਨਜੀਤ ਸਵੀ, ਰਾਜਦੀਪ ਸਿੰਘ ਤੂਰ, ਮਨਜਿੰਦਰ ਧਨੋਆ,ਪ੍ਰਭਜੋਤ ਸਿੰਘ ਸੋਹੀ, ਕੋਮਲਦੀਪ ਕੌਰ, ਬਲਵਿੰਦਰ ਸੰਧੂ, ਪਵਨ ਹਰਚੰਦਪੁਰੀ ਤੇ ਸੰਧੂ ਵਰਿਆਣਵੀ ਹਿੱਸਾ ਲੈਣਗੇ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸ਼ਯਾਮ ਸੁੰਦਰ ਦੀਪਤੀ ਨੇ ਸਮੂਹ ਪੰਜਾਬੀ ਪਿਆਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ 20ਅਕਤੂਬਰ ਸਵੇਰੇ 10 ਵਜੇ ਪੰਜਾਬੀ ਭਵਨ ਦੇ ਰਾਣਾ ਦਲਜੀਤ ਸਿੰਘ ਗੋਸ਼ਟੀ ਹਾਲ ਵਿੱਚ ਪਹੁੰਚ ਕੇ ਆਪਣੇ ਮਹਿਬੂਬ ਸ਼ਾਇਰ ਨੂੰ ਚੇਤੇ ਕਰਨ ਲਈ ਪੁੱਜਣ।