ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸਿਹਤ ਪਿਛਲੇ ਇਕ ਮਹੀਨੇ ਤੋਂ ਕਾਫ਼ੀ ਖਰਾਬ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ ਸੀ। ਸਿਹਤ ਠੀਕ ਹੋਣ ਮਗਰੋਂ ਅੱਜ ਐਤਵਾਰ ਨੂੰ ਉਨ੍ਹਾਂ ਨੇ ਆਪਣੇ ਘਰ ਪਹੁੰਚੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਖ਼ਰਾਬ ਸਿਹਤ ਕਾਰਨ ਗ਼ੈਰ-ਹਾਜ਼ਰ ਸਨ ਤੇ ਪਰਮਾਤਮਾ ਦੀ ਕਿਰਪਾ ਨਾਲ ਹੁਣ ਮੁੜ ਤੋਂ ਸੰਘਰਸ਼ ਸ਼ੁਰੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਕ-ਦੋ ਕਲਾਕਾਰਾਂ ਨੂੰ ਛੱਡ ਕੇ ਪੂਰੀ ਪੰਜਾਬੀ ਇੰਡਸਟਰੀ ਚੁੱਪ ਹੈ ਤੇ ਸਿੱਧੂ ਦੇ ਹੱਕ 'ਚ ਆਵਾਜ਼ ਚੁੱਕਣ ਵਾਲੇ ਦੋਵੇਂ ਕਲਾਕਾਰ ਕੁੜੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਾਡੇ ਘਰ ਦਾ ਇਹ ਮਾਹੌਲ ਸਰਕਾਰ ਦੀ ਨਾਕਾਮੀ ਕਾਰਨ ਬਣਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਲਈ ਸਿਰਫ਼ ਪੰਜਾਬ ਸਰਕਾਰ ਹੀ ਨਹੀਂ ਸਗੋਂ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮੈਨੂੰ ਨਿਆਂਪਾਲਿਕਾ ਪ੍ਰਤੀ ਵੀ ਗੁੱਸਾ ਹੈ, ਕਿਉਂਕਿ ਉਹ ਵੀ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਨ ਪਰ ਮੇਰੇ ਪੁੱਤਰ ਦੇ ਮਨੁੱਖੀ ਅਧਿਕਾਰਾਂ ਨੂੰ ਮਿੱਟੀ 'ਚ ਰੋਲ ਦਿੱਤਾ ਗਿਆ, ਕਿਉਂਕਿ ਮੈਨੂੰ ਅੱਜ ਤੱਕ ਮੇਰੇ ਪੁੱਤਰ ਦੀ ਦਸਤਾਰ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਮੈਂ ਪ੍ਰਿਤਪਾਲ ਸਿੰਘ ਨੂੰ ਰੱਬ ਮੰਨਦਾ ਸੀ ਕਿ ਇਸ ਨੇ ਮੇਰੇ ਲੜਕੇ ਦੇ ਕਤਲ ਨੂੰ ਟਰੇਸ ਕਰ ਲਿਆ ਹੈ, ਪਰ ਮੈਨੂੰ ਨਹੀਂ ਸੀ ਪਤਾ ਸੀ ਕਿ ਸਾਡੇ ਅਧਿਕਾਰੀ ਗੈਂਗਸਟਰਾਂ ਦੇ ਮੋਢਿਆਂ 'ਤੇ ਹੱਥ ਰੱਖ ਕੇ ਫ਼ੋਟੋ ਖਿਚਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਹੱਕ 'ਚ ਬੋਲਣ ਵਾਲਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸਿੱਧੂ ਮੂਸੇਵਾਲਾ ਦੀ ਮਾਤਾ ਨੇ ਕਿਹਾ ਕਿ ਸਾਨੂੰ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਲਈ ਸਾਨੂੰ ਸਿਰ ਝੁਕਾ ਕੇ ਚੱਲਣਾ ਪਵੇ। ਉਨ੍ਹਾਂ ਕਿਹਾ ਕਿ ਪੰਜਾਬੀ ਗਾਇਕਾ ਜੈਨੀ ਜੌਹਲ ਨੇ ਆਪਣੇ ਗੀਤ 'ਚ ਸੱਚ ਬੋਲਿਆ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਅੱਜ ਉਸ ਖ਼ਿਲਾਫ਼ ਕੇਸ ਦਰਜ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਸ ਲੜਕੀ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਉਸ ਲਈ ਅਸੀਂ ਸਾਰੇ ਜ਼ਿੰਮੇਵਾਰ ਹੋਵਾਂਗੇ, ਕਿਉਂਕਿ ਸਾਡੇ 'ਚ ਸੱਚ ਬੋਲਣ ਦੀ ਹਿੰਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਡੇ ਤੋਂ 20 ਦਿਨ ਦਾ ਸਮਾਂ ਮੰਗਿਆ ਸੀ ਪਰ 5 ਮਹੀਨੇ ਹੋ ਗਏ ਹਨ ਅੱਜ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਲਈ ਸਰਕਾਰ ਪੁਲਿਸ ਨੂੰ ਸ਼ਕਤੀ ਦੇਵੇ।