ਗਊਸ਼ਾਲਾ ਵਿੱਚ ਗਊਧਨ ਦੇ ਚਾਰੇ, ਇਲਾਜ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ-ਵਿਨੀਤ ਕੁਮਾਰ

  • ਗਊਸ਼ਾਲਾ ਵਿੱਚ ਗਊਧਨ ਦੇ ਇਲਾਜ ਲਈ ਟੀਮਾਂ ਤਾਇਨਾਤ-ਡਾ. ਜਸਵਿੰਦਰ ਗਰਗ

ਫਰੀਦਕੋਟ 2 ਦਸੰਬਰ 2024 : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇੱਥੋਂ ਦੇ ਨਜ਼ਦੀਕੀ ਪਿੰਡ ਗੋਲੇਵਾਲਾ ਵਿਖੇ ਚਲਾਈ ਜਾ ਰਹੀ ਸਰਕਾਰੀ ਗਊਸ਼ਾਲਾ ਵਿੱਚ ਗਊਧਨ ਲਈ ਹਰੇ ਚਾਰੇ, ਤੂੜੀ, ਫੀਡ ਤੋਂ ਇਲਾਵਾ ਉਨ੍ਹਾਂ ਦੇ ਇਲਾਜ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਤੋਂ ਲਿਖਤੀ ਰਿਪਰੋਟ ਮੰਗੀ ਗਈ ਸੀ ਤੇ ਉਨ੍ਹਾਂ ਵੱਲੋਂ ਲਿਖਤੀ ਰਿਪੋਰਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿੱਚ ਪਸ਼ੂ ਧਨ ਦੀ ਸੰਭਾਲ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਪਸ਼ੂਆਂ ਨੂੰ ਹਰੇ ਚਾਰੇ, ਤੂੜੀ, ਫੀਡ ਤੋਂ ਇਲਾਵਾ ਉਨ੍ਹਾਂ ਦੇ ਇਲਾਜ ਸਬੰਧੀ ਵੀ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਾਨੀ ਸੱਜਣਾਂ ਦਾ ਵੀ ਸਮੇਂ ਸਮੇਂ ਤੇ ਸਹਿਯੋਗ ਲਿਆ ਜਾਂਦਾ ਹੈ। ਸਹਾਇਕ ਜਿਲ੍ਹਾ ਵੈਟਰਨੀ ਅਫਸਰ ਡਾ. ਜਸਵਿੰਦਰ ਗਰਗ ਨੇ ਦੱਸਿਆ ਕਿ ਗਊਸ਼ਾਲਾ ਵਿੱਚ ਗਊਧਨ ਦੇ ਇਲਾਜ ਸਮੇਤ ਸਾਰੀਆਂ ਸਹੂਲਤਾਂ ਲਈ ਵੈਟਰਨੀ ਅਫਸਰ ਗੋਲੇਵਾਲਾ ਤੇ ਉਨ੍ਹਾਂ ਦੀ ਟੀਮ ਵੱਲੋਂ ਰੋਜਾਨਾ ਜਾਂਚ ਕੀਤੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਪਸ਼ੂਆਂ ਦੀ ਸਮੇਂ ਸਮੇਂ ਵੈਕਸੀਨੇਸ਼ਨ, ਟੀਕਾਕਰਨ ਕੀਤਾ ਜਾਂਦਾ ਹੈ, ਤਾਂ ਜੋ ਕੋਈ ਵੀ ਗਊ ਬਿਮਾਰ ਨਾ ਹੋਵੇ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਜੀ ਦੀਆਂ ਹਦਾਇਤਾਂ ਤੇ ਪ੍ਰਬੰਧਕਾਂ ਵੱਲੋਂ ਗਊਸ਼ਾਲਾ ਵਿਚਲੀਆਂ ਗਾਵਾਂ ਲਈ ਫੀਡ, ਹਰੇ ਚਾਰੇ, ਤੂੜੀ ਆਦਿ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਗਊਧਨ ਭੁੱਖ ਨਾਲ ਬਿਮਾਰ ਨਾ ਹੋਵੇ।