ਲੁਧਿਆਣਾ : ਪਹਿਲੀ ਅਕਤੂਬਰ ਤੋਂ ਇੱਕ ਮਹੀਨਾ ਚੱਲਣ ਵਾਲੇ ਦੇਸ਼ ਵਿਆਪੀ ਸਵੱਛ ਭਾਰਤ 2.0 ਦੌਰਾਨ, ਨਹਿਰੂ ਯੁਵਾ ਕੇਂਦਰ, ਲੁਧਿਆਣਾ ਵੱਲੋਂ ਅੱਜ ਲੁਧਿਆਣਾ ਵਿੱਚ ਵੱਖ-ਵੱਖ ਥਾਵਾਂ 'ਤੇ ਸਿੰਗਲ ਯੂਜ਼ ਪਲਾਸਟਿਕ ਦੇ ਕੂੜੇ ਨੂੰ ਇਕੱਠਾ ਕਰਨ ਅਤੇ ਨਿਪਟਾਰੇ 'ਤੇ ਇੱਕ ਮੈਗਾ ਸਫਾਈ ਅਭਿਆਨ ਚਲਾਇਆ ਗਿਆ। ਪ੍ਰਧਾਨ ਮੰਤਰੀ ਦੇ ਵਿਜ਼ਨ ਅਨੁਸਾਰ, ਨਹਿਰੂ ਯੁਵਾ ਕੇਂਦਰ ਸੰਗਠਨ (ਐਨ.ਵਾਈ.ਕੇ.ਐਸ.) ਨਾਲ ਸਬੰਧਤ ਯੂਥ ਕਲੱਬਾਂ ਦੇ ਨੈਟਵਰਕ ਰਾਹੀਂ ਦੇਸ਼ ਭਰ ਦੇ 744 ਜ਼ਿਲ੍ਹਿਆਂ ਦੇ 6 ਲੱਖ ਪਿੰਡਾਂ ਵਿੱਚ ਸਵੱਛ ਭਾਰਤ 2.0 ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਜਾਗਰੂਕਤਾ ਵਧਾਉਣ, ਲੋਕਾਂ ਨੂੰ ਲਾਮਬੰਦ ਕਰਨ ਅਤੇ ਭਾਰਤ ਨੂੰ ਸਵੱਛ ਬਣਾਉਣ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਪਹਿਲਕਦਮੀ ਵਿੱਚ ਵੱਖ-ਵੱਖ ਖੇਤਰਾਂ, ਭਾਸ਼ਾਵਾਂ ਅਤੇ ਪਿਛੋਕੜਾਂ ਦੇ ਲੋਕ ਮਿਲ ਕੇ ਕੰਮ ਕਰਨਗੇ ਅਤੇ ਇਨ੍ਹਾਂ ਲੋਕਾਂ ਵੱਲੋਂ ਪੂਰੀ ਤਰ੍ਹਾਂ ਸਵੈ-ਇੱਛਾ ਨਾਲ ਕੂੜੇ ਦਾ ਨਿਪਟਾਰਾ ਕੀਤਾ ਜਾਵੇਗਾ। ਯੁਵਾ ਮਾਮਲਿਆਂ ਦੇ ਵਿਭਾਗ ਨੇ 2022 ਦੀ ਮੁਹਿੰਮ ਵਿੱਚ 1 ਕਰੋੜ ਕਿਲੋ ਪਲਾਸਟਿਕ ਕੂੜਾ ਇਕੱਠਾ ਕਰਨ ਅਤੇ ਨਿਪਟਾਰੇ ਦਾ ਟੀਚਾ ਰੱਖਿਆ ਹੈ। ਸਵੱਛ ਭਾਰਤ ਪ੍ਰੋਗਰਾਮ ਦੇ ਉਦੇਸ਼ 1 ਅਕਤੂਬਰ ਤੋਂ 31 ਅਕਤੂਬਰ 2022 ਤੱਕ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਜਨਤਕ ਸਥਾਨਾਂ ਅਤੇ ਘਰਾਂ ਦੀ ਸਫ਼ਾਈ ਦਾ ਆਯੋਜਨ ਕਰਨਾ, ਜਾਗਰੂਕਤਾ ਫੈਲਾਉਣ ਲਈ ਸਮਾਜ ਦੇ ਸਾਰੇ ਵਰਗਾਂ, ਸਰਕਾਰੀ ਸੰਸਥਾਵਾਂ ਸਮੇਤ ਪੀ.ਆਰ.ਆਈ. ਅਤੇ ਗੈਰ-ਸਰਕਾਰੀ ਸੰਸਥਾਵਾਂ ਨੂੰ ਸ਼ਾਮਲ ਕਰਨਾ ਹੈ ਅਤੇ ਨਾਗਰਿਕਾਂ ਵਿੱਚ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਅਤੇ ਕੂੜਾ-ਕਰਕਟ ਰਹਿਤ ਰੱਖਣ ਲਈ ਮਾਣ ਦੀ ਭਾਵਨਾ ਪੈਦਾ ਕਰਨੀ ਹੈ। ਇਹ ਮੁਹਿੰਮ 'ਸਵੱਛ ਕਾਲ: ਅੰਮ੍ਰਿਤ ਕਾਲ' ਦਾ ਮੰਤਰ ਦੇਵੇਗੀ ਅਤੇ ਲੋਕਾਂ ਦੀ ਭਾਗੀਦਾਰੀ ਰਾਹੀਂ ਇਸ ਪ੍ਰੋਗਰਾਮ ਨੂੰ ਲੋਕ ਲਹਿਰ ਬਣਾਵੇਗੀ। ਐਨ.ਵਾਈ.ਕੇ. ਲੁਧਿਆਣਾ ਦੇ ਵਲੰਟੀਅਰਾਂ ਨੇ ਸਫਾਈ ਅਭਿਆਨ ਰਾਹੀਂ ਸਵੱਛ ਭਾਰਤ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਅੱਜ ਸਤਲੁਜ ਦਰਿਆ ਦੇ ਕੰਢੇ ਇੱਕ ਸਫਾਈ ਅਭਿਆਨ ਚਲਾਇਆ ਗਿਆ. ਇਸ ਸਮਾਗਮ ਦੌਰਾਨ ਬਹੁਤ ਸਾਰਾ ਕੂੜਾ ਇਕੱਠਾ ਕੀਤਾ ਗਿਆ ਅਤੇ ਇਸ ਦਾ ਨਿਪਟਾਰਾ ਕੀਤਾ ਗਿਆ। 1 ਤੋਂ 10 ਅਕਤੂਬਰ 2022 ਤੱਕ ਕ੍ਰਮਵਾਰ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ, ਆਮ ਜਨਤਕ ਥਾਵਾਂ ਅਤੇ ਜੱਦੀ ਘਰ ਵਿੱਚ ਸਫ਼ਾਈ ਅਭਿਆਨ ਚਲਾਇਆ ਗਿਆ।