ਨੰਗਲ 03 ਜਨਵਰੀ, 2025 : ਭਗਵਾਨ ਸ਼ਿਵ ਸ਼ੰਕਰ ਮਹਾਦੇਵ ਦੇ ਤੱਪ ਅਸਥਾਨ ਮਾਨ ਸਰੋਵਰ ਤੋਂ ਆਉਣ ਵਾਲੀ ਸਤਲੁਜ ਨਦੀ ਦੀ ਆਰਤੀ ਮੌਕੇ ਬਿਭੌਰ ਸਾਹਿਬ ਦੇ ਪ੍ਰਾਚੀਨ ਘਾਟ ਤੇ ਗੰਗਾਂ ਮਾਤਾ ਦੀ ਤਰਜ ਤੇ ਸਤਲੁਜ ਮਹਾਆਰਤੀ ਦਾ ਆਯੋਜਨ ਨੰਗਲ ਤੇ ਹੋਰ ਇਲਾਕਾ ਵਾਸੀਆਂ ਲਈ ਇੱਕ ਪਰਮ ਸੁੱਖ ਦੇਣ ਦਾ ਸੁਨੇਹਾ ਦੇ ਰਿਹਾ ਹੈ। ਸਾਡੇ ਜਲ ਸ੍ਰੋਤਾਂ ਤੇ ਸੱਭਿਆਚਾਰ ਦੀ ਸਾਂਭ ਸੰਭਾਲ ਲਈ ਵਿਆਪਕ ਉਪਰਾਲੇ ਕੀਤੇ ਜਾਣਗੇ। ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ, ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਪੰਜਾਬ ਨੇ ਬੀਤੀ ਸ਼ਾਮ ਇੱਥੇ ਆਯੋਜਿਤ ਸਤਲੁਜ ਮਹਾਂਆਰਤੀ ਮੌਕੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਸਤਲੁਜ ਮਹਾਂਆਰਤੀ ਦੇ ਅਨੁਸ਼ਠਾਨ ਦਾ ਇੱਕ ਸਾਲ ਪੂਰਾ ਹੋਣ ਮੌਕੇ ਕਰਵਾਇਆ ਗਿਆ। ਜਿਸ ਵਿੱਚ ਮਹਾਂਪੁਰਸ਼ਾ ਤੇ ਧਾਰਮਿਕ ਸਖਸੀਅਤਾਂ ਨੇ ਵੈਦਿਕ ਮੰਤਰਾਂ ਦਾ ਜਾਪ ਕਰਕੇ ਵਾਤਾਵਰਣ ਨੂੰ ਧਾਰਮਿਕ ਰੰਗ ਵਿੱਚ ਰੰਗਿਆ ਤੇ ਮਾਹੋਲ ਨੂੰ ਖੁਸ਼ਗਵਾਰ ਬਣਾਇਆ। ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਆਪਣੀ ਧਰਮ ਪਤਨੀ ਡਾ.ਜੋਤੀ ਯਾਦਵ ਆਈ.ਪੀ.ਐਸ, ਮਾਤਾ ਬਲਵਿੰਦਰ ਕੌਰ, ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਦੇ ਚੇਅਰਮੈਨ ਡਾ.ਸੰਜੀਵ ਗੌਤਮ ਸਮੇਤ ਸਾਥੀਆਂ ਨਾਲ ਇਸ ਧਾਰਮਿਕ ਸਮਾਗਮ ਵਿਚ ਸਮੂਲੀਅਤ ਕੀਤੀ ਤੇ ਆਰਤੀ ਵਿਚ ਭਾਗ ਲਿਆ। ਸਮਾਗਮ ਦੌਰਾਨ ਮਹਾਪੁਰਸ਼ਾ ਵੱਲੋਂ ਉਨ੍ਹਾਂ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਧਾਰਮਿਕ ਵਾਤਾਵਰਣ ਵਿੱਚ ਮੰਤਰ ਮੁਗਧ ਹੋਈਆਂ ਸੰਗਤਾਂ ਤੇ ਆਸਥਾਂ ਦਾ ਉੱਮੜ ਰਿਹਾ ਸੈਲਾਬ ਦੇਖ ਗਦ ਗਦ ਹੋਏ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਜਿੱਥੇ ਨੰਗਲ ਸ਼ਹਿਰ ਦੇ ਸੁੰਦਰੀਕਰਨ ਤੇ ਇਸ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਅਸੀ ਕੁਦਰਤ ਵੱਲੋਂ ਦਿੱਤੀਆ ਸੋਗਾਤਾਂ ਦੀ ਸਾਂਭ ਸੰਭਾਲ ਬਾਰੇ ਸੰਗਤਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸਾਡੇ ਦੇਸ਼ ਦੀ ਮਹਾਨ ਸੰਸਕ੍ਰਿਤੀ, ਸੱਭਿਆਚਾਰ ਅਤੇ ਅਮੀਰ ਵਿਰਸੇ ਨੂੰ ਦਰਸਾਉਦੇ ਪ੍ਰੋਗਰਾਮ ਆਯੋਜਿਤ ਕਰਵਾਵਾਂਗੇ। ਉਨ੍ਹਾਂ ਨੇ ਕਿਹਾ ਕਿ ਸਾਡਾ ਵਿਸ਼ਾਲ ਦੇਸ਼ ਧਾਰਮਿਕ ਸਦਭਾਵਨਾ ਦਾ ਪ੍ਰਤੀਕ ਹੈ। ਭਾਰਤ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਹਰ ਧਰਮ ਦਾ ਸਤਿਕਾਰ ਕਰਦੇ ਹਨ, ਇੱਕ ਸੁਰਤਾ ਤੇ ਸਦਭਾਵਨਾ ਦੀ ਅਨੂਠੀ ਮਿਸਾਲ ਸਮੁੱਚੀ ਲੋਕਾਈ ਵਿੱਚ ਹੋਰ ਕਿੱਧਰੇ ਵੀ ਨਹੀ ਮਿਲਦੀ ਹੈ। ਸਾਡੇ ਸੰਤਾਂਮਹਾਪੁਰਸ਼ਾ ਨੇ ਵੈਦਿਕ ਗ੍ਰੰਥਾਂ ਦੇ ਗਿਆਨ ਦੇ ਸਾਗਰ ਵਿੱਚੋਂ ਚੁਣ ਚੁਣ ਕੇ ਮੋਤੀ ਸਾਨੂੰ ਆਪਣੇ ਪਰਵਚਨਾ ਦੁਆਰਾ ਸਰਵਣ ਕਰਵਾਏ ਹਨ, ਇਸ ਲਈ ਉਹ ਵੀ ਵਿਸੇਸ਼ ਸਨਮਾਨ ਦੇ ਪਾਤਰ ਹਨ ਇਹ ਸਾਡੀ ਸੰਸਕ੍ਰਿਤੀ ਦੀ ਵਿਲੱਖਣਤਾ ਹੈ ਤੇ ਸਮੁੱਚਾ ਸੰਸਾਰ ਇਸੇ ਲਈ ਭਾਰਤ ਅੱਗੇ ਸੀਸ਼ ਝੁਕਾਉਦਾ ਹੈ। ਬੈਂਸ ਨੇ ਕਿਹਾ ਕਿ ਨੰਗਲ ਖੂਬਸੂਰਤ ਵਾਦੀਆਂ ਨਾਲ ਭਰਿਆ ਹੋਇਆ ਹੈ ਅਤੇ ਸਾਧੂਆਂ, ਸੰਤਾਂ ਅਤੇ ਗੁਰੂਆਂ ਦੀ ਤਪੱਸਿਆ ਸਥਾਨ ਮੰਨਿਆ ਜਾਂਦਾ ਹੈ। ਇਸ ਸਥਾਨ ਨੂੰ ਸ਼ਲਾਘਾਯੋਗ ਅਤੇ ਇਤਿਹਾਸਕ ਮੰਨਿਆ ਜਾ ਰਿਹਾ ਹੈ। ਆਰਤੀ ਲਈ ਸਜਾਏ ਘਾਟ ਨੂੰ ਸਮੁੱਚੀ ਸੰਗਤ ਸ਼ਰਧਾ ਨਾਲ ਨਿਹਾਰ ਰਹੀ ਹੈ। ਮੰਤਰੀ ਹਰਜੋਤ ਸਿੰਘ ਬੈਂਸ ਨੇ ਨੰਗਲ ਵਿੱਚ ਸਤਲੁਜ ਮਹਾਂ ਆਰਤੀ ਦੀ ਰਸਮ ਵਿੱਚ ਸ਼ਿਰਕਤ ਕਰਕੇ ਆਪਣੇ ਆਪ ਨੂੰ ਭਾਗਸ਼ਾਲੀ ਦੱਸਿਆ। ਉਨ੍ਹਾਂ ਕਿਹਾ ਕਿ ਸਤਲੁਜ ਮਹਾਂ ਆਰਤੀ ਦਾ ਆਯੋਜਨ ਸ਼ਲਾਘਾਯੋਗ ਹੈ। ਘਾਟ ਦੇ ਸੁੰਦਰੀਕਰਨ ਲਈ ਬਣੀ ਸ਼ਿਵਪੁਰੀ ਵਿਕਾਸ ਕਮੇਟੀ ਦੇ ਚੇਅਰਮੈਨ ਸਤੀਸ਼ ਕੁਮਾਰ ਮੋਰਵਾੜੀ, ਪਵਨ ਕੁਮਾਰ, ਵਿਨੋਦ ਕੁਮਾਰ, ਫੋਰਮੈਨ ਸਤਪਾਲ ਸਿੰਘ, ਜਤਿੰਦਰ ਬਜਾਜ ਅਤੇ ਹੋਰ ਪਦ ਅਧਿਕਾਰੀਆਂ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਦੱਸਿਆ ਕਿ ਹਰ ਰੋਜ਼ ਸ਼ਾਮ 6 ਵਜੇ ਸਤਲੁਜ ਮਹਾਂ ਆਰਤੀ ਪਵਿੱਤਰ ਘਾਟ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਮੰਤਰਾਂ ਦੇ ਜਾਪ ਨਾਲ ਕੀਤੀ ਜਾਂਦੀ ਹੈ।